ਨਵੀਂ ਦਿੱਲੀ : ਅਫ਼ਗ਼ਾਨਿਸਤਾਨ ਵਿਚ ਰਹਿ ਰਹੇ ਘੱਟ ਗਿਣਤੀ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾ ਕੇ ਕੱਟੜਪੰਥੀਆਂ ਵੱਲੋਂ ਇਕ ਵਾਰ ਫਿਰ ਜਾਨਲੇਵਾ ਹਮਲਾ ਕੀਤਾ ਗਿਆ। ਇਸ ਹਮਲੇ ਵਿਚ 12 ਦੇ ਕਰੀਬ ਸਿੱਖ ਵਿਅਕਤੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ ਹੈ।
ਅਫ਼ਗ਼ਾਨਿਸਤਾਨ ਦੇ ਜਲਾਲਾਬਾਦ ਸ਼ਹਿਰ ਦੀ ਮਾਰਕੀਟ ਵਿਚ ਕੀਤੇ ਗਏ ਇਸ ਹਮਲੇ ਦੀ ਦੁਨੀਆ ਭਰ ਦੀਆਂ ਸਿੱਖ ਜਥੇਬੰਦੀਆਂ ਨੇ ਨਿਖੇਧੀ ਕੀਤੀ ਹੈ। ਇਸ ਤੋਂ ਇਲਾਵਾ ਅਫ਼ਗ਼ਾਨ ਹਿੰਦੂ-ਸਿੱਖ ਭਾਈਚਾਰੇ ਵੱਲੋਂ ਵੀ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਹੈ।
ਮਨਜਿੰਦਰ ਸਿੰਘ ਸਿਰਸਾ ਵੱਲੋਂ ਨਿਖੇਧੀ
ਅਕਾਲੀ ਦਲ ਦੇ ਆਗੂ ਮਨਜਿੰਦਰ ਸਿੰਘ ਸਿਰਸਾ ਨੇ ਅਫਗਾਨਿਸਤਾਨ ਦੇ ਜਲਾਲਾਬਾਦ ਦੇ ਸਿੱਖ ਖੇਤਰ ਵਿਚ ਬੁੱਧਵਾਰ ਨੂੰ ਹੋਏ ਗ੍ਰਨੇਡ ਹਮਲੇ ਦੀ ਨਿਖੇਧੀ ਕੀਤੀ। ਟਵਿੱਟਰ ‘ਤੇ ਟਿੱਪਣੀ ਕਰਦਿਆਂ ਸਿਰਸਾ ਨੇ ਦੋਸ਼ ਲਾਇਆ ਕਿ ਗ੍ਰਨੇਡ ਹਮਲਾ ਕਰਕੇ ਬਾਕੀ ਅਫਗਾਨ ਸਿੱਖਾਂ ਨੂੰ ਡਰਾਉਣ ਦੀ ਯੋਜਨਾ ਬਣਾਈ ਗਈ ਸੀ।
ਸਿਰਸਾ ਨੇ ਅੱਗੇ ਕਿਹਾ ਕਿ ਉਹ ਅਫਗਾਨਿਸਤਾਨ ਦੇ ਸਿੱਖ ਭਾਈਚਾਰੇ ਦੇ ਨਾਲ ਖੜ੍ਹੇ ਹਨ ਅਤੇ ਇਸ ਦੇ ਨਾਲ ਹੀ ਉਨ੍ਹਾਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਹ ਅਫਗਾਨਿਸਤਾਨ ਵਿਚ ਰਹਿੰਦੇ ਘੱਟ ਗਿਣਤੀ ਸਿੱਖਾਂ ਦੀ ਸੁਰੱਖਿਆ ਦਾ ਮੁੱਦਾ ਉਠਾਉਣ।
ਟੀਵੀ ਪੰਜਾਬ ਬਿਊਰੋ