ਚੰਡੀਗੜ੍ਹ/ਨੌਰਥਐਂਪਟਨ: ਇੰਗਲੈਂਡ ਦੀ ਸ਼ਹਿਜ਼ਾਦੀ ਐਨੇ ਨੇ ਨੌਰਥਐਂਟਨ ਦੇ ਨਵੇਂ ਗੁਰਦੁਆਰਾ ਸਾਹਿਬ ਸ੍ਰੀ ਗੁਰੂ ਸਿੰਘ ਸਭਾ ਦਾ ਉਦਘਾਟਨ ਕੀਤਾ ਹੈ। ਇਸ ਵਿੱਚ ਇੱਕ ਕਮਿਊਨਿਟੀ ਸੈਂਟਰ ਤੇ ਯੂਥ ਕਲੱਬ ਵੀ ਹੈ। ਨਵੇਂ ਗੁਰੂਘਰ ਦੇ ਉਦਘਾਟਨ ਤੋਂ ਬਾਅਦ ਸਥਾਨਕ ਸਿੱਖ ਸੰਗਤ ਡਾਢੀ ਖ਼ੁਸ਼ ਹੈ। ਸਥਾਨਕ ਮੀਡੀਆ ਨੇ ਵੀ ਇਸ ਉਦਘਾਟਨ ਦੀ ਖ਼ਬਰ ਨੂੰ ਪ੍ਰਮੁੱਖਤਾ ਨਾਲ ਪ੍ਰਕਾਸ਼ਿਤ ਕੀਤਾ ਹੈ।
ਸ਼ਾਹੀ ਸ਼ਹਿਜ਼ਾਦੀ ਨੇ ਬਹੁਤ ਦਿਲਚਸਪੀ ਨਾਲ ਗੁਰਦੁਆਰਾ ਸਾਹਿਬ ਨੂੰ ਵੇਖਿਆ ਅਤੇ ਇਸ ਮੌਕੇ ਉਨ੍ਹਾਂ ਬਹੁਤ ਸਾਰੇ ਸਿੱਖ ਨੁਮਾਇੰਦਿਆਂ ਨਾਲ ਗੱਲਬਾਤ ਵੀ ਕੀਤੀ।
ਇਸ ਗੁਰੂਘਰ ਵਿੱਚ ਬੇਘਰਿਆਂ ਲਈ ਲੰਗਰ ਅਤੁੱਟ ਵਰਤੇਗਾ। ਪ੍ਰਿੰਸੇਜ਼ ਐਨੇ ਲੰਗਰ ਹਾੱਲ ਨੂੰ ਵੀ ਬਹੁਤ ਗਹੁ ਨਾਲ ਵਾਚਿਆ। ਉਨ੍ਹਾਂ ਨੇ ਉਨ੍ਹਾਂ ਵਲੰਟੀਅਰਾਂ ਨਾਲ ਵੀ ਮੁਲਾਕਾਤ ਕੀਤੀ, ਜੋ ਇੱਥੇ ਖਾਣਾ ਤਿਆਰ ਕਰਨਗੇ। ਸ਼ਹਿਜ਼ਾਦੀ ਐਨੇ ਨੇ ਫ਼ੂਡ ਬੈਂਕ ਦੇ ਵਲੰਟੀਅਰਾਂ, ਅਜਾਇਬਘਰ ਦੇ ਵਲੰਟੀਅਰਾਂ ਤੇ ਕਮਿਊਨਿਟੀ ਸੈਂਟਰ ਤੇ ਯੂਥ ਕਲੱਬ ਮੈਨੇਜਮੈਂਟ ਕਮੇਟੀ ਦੇ ਪ੍ਰਤੀਨਿਧਾਂ ਨਾਲ ਮੁਲਾਕਾਤ ਕੀਤੀ।
ਇਸ ਮੌਕੇ ਸ਼ਹਿਜ਼ਾਦੀ ਨੇ ਹਰੇ ਰੰਗ ਦਾ ਸਟਾਈਲਿਸ਼ ਸੂਟ ਪਹਿਨਿਆ ਹੋਇਆ ਸੀ ਤੇ ਪੀਲੇ ਰੰਗ ਦਾ ਸਕਾਰਫ਼ ਸਿਰ ’ਤੇ ਸਜਾਇਆ ਹੋਇਆ ਸੀ। ਗੁਰਦੁਆਰਾ ਸਾਹਿਬ ’ਚ ਆਉਂਦੇ ਸਮੇਂ ਉਨ੍ਹਾਂ ਕੋਰੋਨਾਵਾਇਰਸ ਤੋਂ ਬਚਾਅ ਲਈ ਮਾਸਕ ਵੀ ਪਹਿਨਿਆ ਹੋਇਆ ਸੀ।
‘ਗੁੱਡ ਹਾਊਸ ਕੀਪਿੰਗ’ (Good House Keeping) ਵੱਲੋਂ ਪ੍ਰਕਾਸ਼ਿਤ ਸੁਜ਼ੈਨ ਨੌਰਿਸ (Susanne Norris) ਦੀ ਰਿਪੋਰਟ ਅਨੁਸਾਰ ਸ਼ਹਿਜ਼ਾਦੀ ਐਨੇ ਨੇ ਬੀਤੀ 25 ਅਪ੍ਰੈਲ ਨੂੰ ਯਾਦਗਾਰੀ ਤੇ ਸ਼ੁਕਰਾਨੇ ਦੀ ਐਨਜ਼ਾਕ ਡੇਅ ਸਰਵਿਸ ’ਚ ਵੀ ਭਾਗ ਲਿਆ ਸੀ। ਉਸ ਵੇਲੇ ਉਨ੍ਹਾਂ ਨਾਲ ਉਨ੍ਹਾਂ ਦੇ ਪਤੀ ਵਾਈਸ ਐਡਮਿਰਲ ਸਰ ਟਿਮ ਲੌਰੈਂਸ ਵੀ ਮੌਜੂਦ ਸਨ।
ਉਸ ਤੋਂ ਪਿਛਲੇ ਹਫ਼ਤੇ, ਸ਼ਹਿਜ਼ਾਦੀ ਨੇ ਗਲੂਸੈਸਟਰਸ਼ਾਇਰ ਦੇ ਤਿੰਨ ਹਸਪਤਾਲਾਂ ਦਾ ਦੌਰਾ ਕੀਤਾ ਸੀ ਤੇ ਕੋਰੋਨਾਵਾਇਰਸ ਮਹਾਮਾਰੀ ਦੌਰਾਨ NHS ਸਟਾਫ਼ ਵੱਲੋਂ ਕੀਤੀ ਗਈ ਸਖ਼ਤ ਮਿਹਨਤ ਲਈ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ ਸੀ।