ਚੰਡੀਗੜ੍ਹ : ਪੰਜਾਬ ਕਾਂਗਰਸ ਵਿਚ ਚੱਲ ਰਿਹਾ ਘਮਸਾਣ ਖ਼ਤਮ ਹੋਣ ਦਾ ਨਾਮ ਨਹੀਂ ਲੈ ਰਿਹਾ। ਹੁਣ ਨਵਜੋਤ ਸਿੰਘ ਸਿੱਧੂ ਦੇ ਟਵੀਟ ਨੇ ਨਵੀਂ ਚਰਚਾ ਛੇੜ ਦਿੱਤੀ ਹੈ ਕਿ ਸਿੱਧੂ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਸਕਦੇ ਹਨ ਤੇ ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ ਕਾਂਗਰਸ ਹਾਈ ਕਮਾਨ ਸਿੱਧੂ ਦੇ ਟਵੀਟ ਤੋਂ ਕਾਫੀ ਨਾਰਾਜ਼ ਹੈ।
ਨਵਜੋਤ ਸਿੰਘ ਸਿੱਧੂ ਨੇ ਟਵੀਟ ਕਰਕੇ ਕਿਹਾ ਕਿ ‘ਆਪ’ ਨੇ ਹਮੇਸ਼ਾ ਮੇਰੇ ਕੰਮ ਨੂੰ ਸਰਾਹਿਆ ਹੈ | ਉਹ ਜਾਣਦੇ ਹਨ ਕਿ ਪੰਜਾਬ ਲਈ ਕੌਣ ਲੜ ਰਿਹਾ ਹੈ। ਉਨ੍ਹਾਂ ਲਿਖਿਆ ਕਿ ਸਾਡੀ ਵਿਰੋਧੀ ਪਾਰਟੀ ‘ਆਪ’ ਨੇ ਪੰਜਾਬ ਲਈ ਮੇਰੇ ਦ੍ਰਿਸ਼ਟੀਕੋਣ ਅਤੇ ਕਾਰਜ ਦੀ ਪ੍ਰਸ਼ੰਸਾ ਕੀਤੀ ਹੈ। ਭਾਵੇਂ ਇਹ 2017 ਤੋਂ ਪਹਿਲਾਂ ਬੇਅਦਬੀ, ਨਸ਼ਿਆਂ, ਕਿਸਾਨਾਂ ਦਾ ਮੁੱਦਾ, ਭ੍ਰਿਸ਼ਟਾਚਾਰ ਅਤੇ ਬਿਜਲੀ ਕਟੌਤੀ ਰਿਹਾ ਹੋਵੇ ਜਾਂ ਅੱਜ ਜਿਵੇਂ ਮੈਂ ‘ਪੰਜਾਬ ਮਾਡਲ’ ਪੇਸ਼ ਕਰਦਾ ਹਾਂ।
ਨਵਜੋਤ ਸਿੰਘ ਸਿੱਧੂ ਦੇ ਟਵੀਟ ਤੋਂ ਬਾਅਦ ਸਿਆਸੀ ਹਲਕਿਆਂ ਵਿਚ ਕਿਆਸਅਰਾਈਆਂ ਲਗਾਈਆਂ ਜਾ ਰਹੀਆਂ ਹਨ ਕਿ ਉਹ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਹੋ ਸਕਦੇ ਹਨ। ਦਰਅਸਲ, ਨਵਜੋਤ ਸਿੰਘ ਸਿੱਧੂ ਅਤੇ ਅਮਰਿੰਦਰ ਸਿੰਘ ਵਿਚਾਲੇ ਤਕਰਾਰ ਜਾਰੀ ਹੈ। ਅਗਾਮੀ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹਾਈ ਕਮਾਨ ਨੇ ਦਖਲ ਦੇਣ ਦੀ ਕੋਸ਼ਿਸ਼ ਕੀਤੀ ਪਰ ਅਜੇ ਤੱਕ ਕੁੱਝ ਨਹੀਂ ਕੀਤਾ ਗਿਆ।
ਸਿੱਧੂ ਦੇ ਟਵੀਟ ਤੋਂ ਨਾਰਾਜ਼ ਕਾਂਗਰਸ ਹਾਈ ਕਮਾਨ
ਸੂਤਰਾਂ ਦੇ ਹਵਾਲੇ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਕਾਂਗਰਸ ਹਾਈ ਕਮਾਨ ਨਵਜੋਤ ਸਿੰਘ ਸਿੱਧੂ ਦੇ ਟਵੀਟ ਤੋਂ ਨਾਰਾਜ਼ ਹੈ ਅਤੇ ਉਸਨੂੰ ਅਨੁਸ਼ਾਸਿਤ ਰਹਿਣ ਦੀ ਸਲਾਹ ਦੇ ਸਕਦੀ ਹੈ।
ਟੀਵੀ ਪੰਜਾਬ ਬਿਊਰੋ