ਜਲੰਧਰ : ਝੋਨੇ ਦੇ ਸੀਜ਼ਨ ਦੌਰਾਨ ਪੰਜਾਬ ਵਿਚ ਬਿਜਲੀ ਸਪਲਾਈ ਠੱਪ ਹੋਣ ਕਾਰਨ ਕਿਸਾਨ ਡਾਢੇ ਪ੍ਰੇਸ਼ਾਨ ਹਨ। ਇਸ ਪ੍ਰੇਸ਼ਾਨੀ ਕਾਰਨ ਕਿਸਾਨਾਂ ਵੱਲੋ ਵੱਖ ਵੱਖ ਥਾਵਾਂ ਤੇ ਧਰਨੇ ਦਿੱਤੇ ਗਏ। ਬਿਜਲੀ ਸਪਲਾਈ ਠੱਪ ਹੋਣ ਕਾਰਨ ਕਿਸਾਨ ਯੂਨੀਅਨ ਦੀ ਅਗਵਾਈ ਵਿਚ ਕਿਸਾਨਾਂ ਵਲੋਂ ਖਰੜ-ਲੁਧਿਆਣਾ ਹਾਈਵੇਅ ਜਾਮ ਕੀਤਾ ਗਿਆ। ਇਸੇ ਤਰਾਂ ਝੋਨੇ ਦੇ ਸੀਜ਼ਨ ਦੌਰਾਨ ਨਿਰਵਿਘਨ ਬਿਜਲੀ ਸਪਲਾਈ ਨਾ ਦੇਣ ‘ਤੇ ਗ਼ੁੱਸੇ ਵਿਚ ਆਈਆਂ ਕਿਸਾਨ ਜਥੇਬੰਦੀਆਂ ਨੇ ਡੀ. ਸੀ. ਦਫ਼ਤਰ ਫ਼ਿਰੋਜ਼ਪੁਰ ਦੇ ਬਾਹਰ ਸੜਕ ਜਾਮ ਕਰ ਕੇ ਧਰਨਾ ਦਿੱਤਾ। ਰੋਸ ਪ੍ਰਦਰਸ਼ਨ ਕਰ ਰਹੀਆਂ ਕਿਸਾਨ ਜਥੇਬੰਦੀਆਂ ਵਲੋਂ ਪੰਜਾਬ ਸਰਕਾਰ ਵਿਰੁੱਧ ਬਿਜਲੀ ਦੀ ਸਪਲਾਈ ਨਿਰਵਿਘਨ ਜਾਣ-ਬੁੱਝ ਕੇ ਨਾ ਦੇਣ ਦੇ ਦੋਸ਼ ਲਗਾਏ ਗਏ।
ਬੱਧਨੀ ਕਲਾਂ ਵਿਚ ਕਿਸਾਨ ਜਥੇਬੰਦੀਆਂ ਨੇ ਘੇਰਿਆ ਬਿਜਲੀ ਬੋਰਡ ਦਾ ਦਫ਼ਤਰ
ਇਸੇ ਤਰਾਂ ਬੱਧਨੀ ਕਲਾਂ ਵਿਚ ਵੀ ਬਿਜਲੀ ਸਪਲਾਈ ਨਿਰਵਿਘਨ ਨਾਂ ਮਿਲਣ ਕਾਰਨ ਕਿਸਾਨ ਜਥੇਬੰਦੀਆਂ ਨੇ ਬਿਜਲੀ ਬੋਰਡ ਦਾ ਦਫ਼ਤਰ ਘੇਰ ਲਿਆ । ਇਸ ਮੌਕੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਜਾਣ ਬੁੱਝ ਕੇ ਖ਼ਰਾਬ ਕੀਤਾ ਜਾ ਰਿਹਾ ਹੈ । ਉੱਥੇ ਹੀ ਇਸ ਮੌਕੇ ਐੱਸ.ਡੀ.ਓ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ।
ਮਹਿਲ ਕਲਾਂ,ਦੋਰਾਹਾ ਤੇ ਮਲੌਦ ਦੇ ਕਿਸਾਨਾਂ ਵੱਲੋਂ ਵੀ ਰੋਸ ਪ੍ਰਦਰਸ਼ਨ
ਝੋਨੇ ਦੀ ਲਵਾਈ ਲਈ ਖੇਤੀ ਮੋਟਰਾਂ ਨੂੰ ਅੱਠ ਘੰਟੇ ਪੂਰੀ ਸਪਲਾਈ ਨਾ ਮਿਲਣ ਤੋਂ ਅੱਕੇ ਪਿੰਡ ਚੰਨਣਵਾਲ ,ਰਾਏਸਰ, ਕਲਾਲਾ, ਛੀਨੀਵਾਲ ਕਲਾਂ,ਦੇ ਕਿਸਾਨਾਂ ਨੇ ਬਿਜਲੀ ਗਰਿੱਡ ਚੰਨਣਵਾਲ ਮੂਹਰੇ ਰੋਸ ਪ੍ਰਦਰਸ਼ਨ ਕਰ ਕੇ ਸੂਬਾ ਸਰਕਾਰ,ਪਾਵਰਕਾਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਲੁਧਿਆਣਾ ਜ਼ਿਲ੍ਹੇ ਦੇ ਕਸਬਾ ਮਲੌਦ ਤੇ ਦੋਰਾਹਾ ਵਿਚ ਵੀ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਨੇ ਮਲੌਦ ਅਤੇ ਦੋਰਾਹਾ ਬਲਾਕਾਂ ਦੇ ਪਿੰਡਾਂ ‘ਚੋਂ ਵੱਡੀ ਗਿਣਤੀ ਵਿਚ ਪਹੁੰਚਕੇ ਰੋਸ ਦਾ ਪ੍ਰਗਟਾਵਾ ਕਰਦਿਆਂ ਬਿਜਲੀ ਦੀ ਮਾੜੀ ਸਪਲਾਈ ਖ਼ਿਲਾਫ਼ ਪੰਜਾਬ ਸਰਕਾਰ ਅਤੇ ਬੋਰਡ ਮੈਨੇਜਮੈਂਟ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ।
ਬਠਿੰਡਾ ਵਿਚ ਠੇਕਾ ਮੁਲਾਜ਼ਮਾਂ ਵਲੋਂ ਬਠਿੰਡਾ-ਚੰਡੀਗੜ੍ਹ ਕੌਮੀ ਸ਼ਾਹ ਮਾਰਗ ਠੱਪ
ਲਹਿਰਾ ਮੁਹੱਬਤ ਥਰਮਲ ਪਲਾਟ ਦੇ ਠੇਕਾ ਮੁਲਾਜ਼ਮਾਂ ਵਲੋਂ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਦੀ ਅਗਵਾਈ ਹੇਠ ਬਠਿੰਡਾ-ਚੰਡੀਗੜ੍ਹ ਕੌਮੀ ਸ਼ਾਹ ਮਾਰਗ-7 ‘ਤੇ ਜਾਮ ਲਗਾ ਕੇ ਆਵਾਜਾਈ ਠੱਪ ਕਰ ਦਿੱਤੀ ਗਈ। ਇਹ ਠੇਕਾ ਮੁਲਾਜ਼ਮ ਪੱਕੇ ਰੁਜ਼ਗਾਰ ਦੀ ਮੰਗ ਕਰ ਰਹੇ ਹਨ ਅਤੇ ਕੈਪਟਨ ਸਰਕਾਰ ਵਲੋਂ ਵਾਰ – ਵਾਰ ਮੀਟਿੰਗ ਦੇ ਕੇ ਭੱਜਣ ਦੇ ਵਜੋਂ ਰੋਸ ਹੈ।