ਲੁਧਿਆਣਾ : ਪੀ.ਏ.ਯੂ. ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਵੱਲੋਂ ਅੰਡਰ ਗ੍ਰੈਜੂਏਟ ਵਿਦਿਆਰਥੀਆਂ ਲਈ ਸਾਲ 2019-20 ਦਾ ਨੈਸ਼ਨਲ ਸਪੋਰਟਸ ਆਰਗਨਾਈਜ਼ੇਸ਼ਨ ਕੈਂਪ ਸ਼ੁਰੂ ਹੋ ਗਿਆ । ਇਹ ਕੈਂਪ ਆਨਲਾਈਨ ਤਰੀਕੇ ਨਾਲ ਲਗਾਇਆ ਜਾ ਰਿਹਾ ਹੈ ।
ਇਸ ਵਿੱਚ ਐੱਨ ਐੱਸ ਓ ਦੇ 92 ਖਿਡਾਰੀ ਹਿੱਸਾ ਲੈ ਰਹੇ ਹਨ ।
ਕੈਂਪ ਦੇ ਅਰੰਭਲੇ ਸੈਸ਼ਨ ਦੇ ਮੁੱਖ ਮਹਿਮਾਨ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਾਵਿੰਦਰ ਕੌਰ ਧਾਲੀਵਾਲ ਸਨ । ਉਹਨਾਂ ਆਪਣੇ ਭਾਸ਼ਣ ਵਿੱਚ ਮੌਜੂਦਾ ਕੋਵਿਡ ਸਥਿਤੀਆਂ ਦੇ ਸਾਹਮਣੇ ਲਗਾਤਾਰ ਕਸਰਤ ਅਤੇ ਫਿਟਨੈੱਸ ਦੇ ਮਹੱਤਵ ਉੱਪਰ ਜ਼ੋਰ ਦਿੱਤਾ ।
ਉਹਨਾਂ ਕਿਹਾ ਕਿ ਰੋਜ਼ਾਨਾ ਕਸਰਤ ਕਰਨ ਨਾਲ ਖਿਡਾਰੀ ਮਾਨਸਿਕ ਤੌਰ ਤੇ ਸੁਚੇਤ ਅਤੇ ਸਰੀਰਕ ਤੌਰ ਤੇ ਤੰਦਰੁਸਤ ਰਹਿੰਦਾ ਹੈ । ਡਾ. ਧਾਲੀਵਾਲ ਨੇ ਵਿਦਿਆਰਥੀਆਂ ਨੂੰ ਅਨੁਸਾਸ਼ਨ ਵਿੱਚ ਰਹਿ ਕੇ ਕੈਂਪ ਦੀਆਂ ਗਤੀਵਿਧੀਆਂ ਦੀ ਪਾਲਣਾ ਕਰਨ ਦੀ ਅਪੀਲ ਕੀਤੀ ।
ਕੈਂਪ ਦੇ ਸਕੱਤਰ ਡਾ. ਸੁਖਬੀਰ ਸਿੰਘ ਨੇ ਕੈਂਪ ਵਿੱਚ ਭਾਗ ਲੈਣ ਵਾਲਿਆਂ ਲਈ ਆਮ ਹਦਾਇਤਾਂ ਦੱਸੀਆਂ । ਉਹਨਾਂ ਕਿਹਾ ਕਿ ਇਸ ਕੈਂਪ ਵਿੱਚ ਲੜੀਵਾਰ ਭਾਸ਼ਣਾਂ ਤੋਂ ਇਲਾਵਾ ਫਿਟਨੈੱਸ, ਕਸਰਤ, ਸਰੀਰਕ ਸਿੱਖਿਆ ਅਤੇ ਖੇਡਾਂ ਖੇਡਣ ਦੇ ਢੰਗ ਆਨਲਾਈਨ ਦੱਸੇ ਜਾਣਗੇ ।
ਇਸ ਆਯੋਜਨ ਦੇ ਜੁਆਇੰਟ ਸਕੱਤਰ ਡਾ. ਪਰਮਵੀਰ ਸਿੰਘ ਗਰੇਵਾਲ ਨੇ ਧੰਨਵਾਦ ਦੇ ਸ਼ਬਦ ਕਹੇ ।
ਟੀਵੀ ਪੰਜਾਬ ਬਿਊਰੋ