ਜਲੰਧਰ : ਆਮ ਆਦਮੀ ਪਾਰਟੀ ਨੇ ਅੱਜ ਜਲੰਧਰ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਪੁਤਲਾ ਸਾੜਿਆ। ਆਮ ਆਦਮੀ ਪਾਰਟੀ ਦੇ ਯੂਥ ਵਿੰਗ ਨੇ ਕੈਪਟਨ ਅਮਰਿੰਦਰ ਸਿੰਘ ਦੇ ਪੁਤਲੇ ਨੂੰ ਅਰਥੀ ਦੇ ਰੂਪ ਵਿਚ ਚੌਧਰੀ ਸੰਤੋਖ ਸਿੰਘ ਦੇ ਘਰ ਦੇ ਬਾਹਰ ਲਿਆ ਕੇ ਸਾੜਿਆ । ਇਸ ਮੌਕੇ ਆਮ ਆਦਮੀ ਪਾਰਟੀ ਦੇ ਨੇਤਾਵਾਂ ਗੁਰਿੰਦਰ ਸ਼ੇਰਗਿੱਲ, ਰਾਜਵਿੰਦਰ ਕੌਰ ਅਤੇ ਸੁਰਿੰਦਰ ਸਿੰਘ ਸੋਢੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਅਤੇ ਕਰੋਨਾ ਮਹਾਂਮਾਰੀ ਵਿਚ ਨਿਰਸਵਾਰਥ ਸੇਵਾ ਕਰਨ ਵਾਲੇ ਸ਼ਹੀਦ ਹੋਏ ਵਲੰਟੀਅਰਜ਼ ਦੇ ਪਰਿਵਾਰਾਂ ਨੂੰ ਨੌਕਰੀਆਂ ਨਾ ਦੇਕੇ ਧੋਖਾ ਕੀਤਾ ਹੈ।
ਯੂਥ ਵਿੰਗ ਦੇ ਉਪ ਪ੍ਰਧਾਨ ਗੁਰਿੰਦਰ ਸਿੰਘ, ਜੁਆਇੰਟ ਸਕੱਤਰ ਪੰਜਾਬ ਅੰਮ੍ਰਿਤਪਾਲ ਸਿੰਘ ਅਤੇ ਜ਼ਿਲ੍ਹਾ ਯੂਥ ਪ੍ਰਧਾਨ ਰਮਣੀਕ ਰੰਧਾਵਾ ਦੀ ਅਗਵਾਈ ਵਿਚ ਅਨੇਕਾਂ ਦੀ ਤਾਦਾਦ ਵਿਚ ਯੂਥ ਨੇ ਹਾਜਰੀ ਦਿੱਤੀ। ਗੁਰਿੰਦਰ ਸਿੰਘ ਸ਼ੇਰਗਿੱਲ ਨੇ ਇਸ ਮੌਕੇ ਤੇ ਕੈਪਟਨ ਸਰਕਾਰ ਨੂੰ ਘੇਰਦੀਆਂ ਹੋਇਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਚਹੇਤਿਆਂ ਨੂੰ ਦਿੱਤੀਆਂ ਨੌਕਰੀਆਂ ਦਾ ਫੈਸਲਾ ਵਾਪਸ ਨਾ ਲਿਆ ਤਾਂ ਆਮ ਆਦਮੀ ਪਾਰਟੀ ਦਾ ਯੂਥ ਪੁਰੇ ਪੰਜਾਬ ਭਰ ਵਿਚ ਧਰਨੇ ਪ੍ਰਦਰਸ਼ਨ ਅਤੇ ਭੁਖ ਹੜਤਾਲ ਕਰੇਗਾ।
ਸ਼ੇਰਗਿੱਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਇਹ ਫੈਸਲੇ ਨਿੰਦਣਯੋਗ ਹਨ, ਹੁਣ ਪੰਜਾਬ ਦਾ ਯੂਥ ਜਾਗ ਗਿਆ ਹੈ। ਇਸ ਮੌਕੇ ਤੇ ਮਹਿਲਾ ਪੰਜਾਬ ਦੀ ਪ੍ਰਧਾਨ ਰਾਜਵਿੰਦਰ ਕੌਰ, ਜ਼ਿਲਾ ਪ੍ਰਧਾਨ ਓਲੰਪੀਅਨ ਸੁਰਿੰਦਰ ਸਿੰਘ ਸੋਢੀ, ਹਰਮਿੰਦਰ ਸੰਧੂ ਨੇ ਕਿਹਾ ਅੱਜ ਆਮ ਆਦਮੀ ਪਾਰਟੀ ਦੇ ਯੂਥ ਦੇ ਨਾਲ ਆਮ ਨੌਜਵਾਨਾਂ ਨੇ ਖੜੇ ਹੋ ਕੇ ਦਿਖਾ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਦੇ ਨਾਲ ਆਮ ਲੋਕ ਵੱਡੀ ਗਿਣਤੀ ਵਿਚ ਜੁੜ ਰਹੇ ਹਨ। ਰਾਜਵਿੰਦਰ ਕੌਰ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਚਹੇਤਿਆਂ ਨੂੰ ਨੌਕਰੀ ਦੇਕੇ ਦਿਖਾ ਦਿੱਤਾ ਹੈ ਕਿ ਘਰ ਘਰ ਨੌਕਰੀ ਦੇ ਵਾਅਦੇ ਸਿਰਫ ਆਪਣੇ ਵਿਧਾਇਕਾਂ ਵਾਸਤੇ ਕੀਤੇ ਸਨ।
ਰਾਜਵਿੰਦਰ ਕੌਰ ਨੇ ਕਿਹਾ ਕੈਪਟਨ ਅਮਰਿੰਦਰ ਸਿੰਘ ਨੂੰ ਸ਼ਹੀਦ ਹੋਏ ਫੌਜੀਆਂ ਅਤੇ ਕਰੋਨਾ ਮਹਾਂਮਾਰੀ ਦੌਰਾਨ ਸੇਵਾ ਕਰਦੇ ਹੋਏ ਸ਼ਹੀਦ ਹੋਏ ਲੋਕਾਂ ਦੇ ਪਰਿਵਾਰਾਂ ਨੂੰ ਨੌਕਰੀਆਂ ਪਹਿਲ ਦੇ ਆਧਾਰ ਤੇ ਦੇਣੀਆਂ ਚਾਹੀਦੀਆਂ ਸਨ। ਇਸ ਮੌਕੇ ਤੇ ਦਿਹਾਤੀ ਪ੍ਰਧਾਨ ਪ੍ਰਿੰਸੀਪਲ ਪ੍ਰੇਮ ਕੁਮਾਰ,ਜ਼ਿਲਾ ਉਪ ਪ੍ਰਧਾਨ ਹਰਚਰਨ ਸਿੰਘ ਸੰਧੂ, ਡਾਕਟਰ ਸ਼ਿਵ ਦਿਆਲ ਮਾਲੀ ਉਪ ਪ੍ਰਧਾਨ ਐਸ ਸੀ ਵਿੰਗ, ਦਰਸ਼ਨ ਲਾਲ ਉਪ ਪ੍ਰਧਾਨ ਐਸ ਸੀ ਵਿੰਗ, ਸੁਭਾਸ਼ ਸ਼ਰਮਾ ਜ਼ਿਲਾ ਸਕੱਤਰ, ਕਿਸਾਨ ਵਿੰਗ ਰਤਨ ਸਿੰਘ ਕਾਕੜਕਲਾ, ਡਾਕਟਰ ਵਿੰਗ ਦੇ ਸਹਿ ਪ੍ਰਧਾਨ ਸੰਜੀਵ ਸ਼ਰਮਾ, ਡਾਕਟਰ ਬੱਬਰ ਜੁਆਇੰਟ ਸਕੱਤਰ, ਜ਼ਿਲਾ ਪ੍ਰਧਾਨ ਜਸਵੀਰ ਸਿੰਘ, ਰਿਟਾਇਰਡ ਡੀ ਸੀ ਪੀ ਬਲਕਾਰ ਸਿੰਘ ਆਦਿ ਮੌਜੂਦ ਸਨ।