ਕੇਂਦਰ ਸਰਕਾਰ ਪੋਸਟਰ ਲਗਾਉਣ ਦੀ ਬਜਾਏ ਕੋਵਿਡ ਦੀ ਤੀਜੀ ਲਹਿਰ ਨਾਲ ਨਜਿੱਠਣ ਲਈ ਤਿਆਰੀ ਕਰੇ : ਜਾਖੜ

FacebookTwitterWhatsAppCopy Link

ਚੰਡੀਗੜੁ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ ਨੇ ਆਖਿਆ ਹੈ ਕਿ ਪ੍ਰਧਾਨ ਮੰਤਰੀ ਦੇਸ਼ ਵਿਚ ਆਪਣੇ ਪੋਸਟਰ ਲਗਵਾਉਣ ਦੀ ਬਜਾਏ ਕੋਵਿਡ ਦੀ ਤੀਜੀ ਲਹਿਰ ਦੇ ਖਤਰੇ ਨਾਲ ਨਜਿੱਠਣ ਲਈ ਤਿਆਰੀਆਂ ਕਰਨ ਵੱਲ ਧਿਆਨ ਦੇਣ।
ਉਹ ਅੱਜ ਇੱਥੇ ਕਾਂਗਰਸ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇੱਥੇ ਪਾਰਟੀ ਵੱਲੋਂ ਕੋਵਿਡ ਦੀ ਦੂਜੀ ਲਹਿਰ ਦੌਰਾਨ ਲੋੜਵੰਦਾਂ ਦੀ ਮਦਦ ਲਈ ਆਰੰਭ ਕੀਤੇ ‘ਫਰਜ ਮਨੁੱਖਤਾ ਲਈ’ ਪ੍ਰੋਜੈਕਟ ਨੂੰ ਲਾਗੂ ਕਰਨ ਵਾਲੀ ਟੀਮ ਨੂੰ ਸਨਮਾਨਿਤ ਕਰਨ ਲਈ ਇਹ ਪ੍ਰੋਗਰਾਮ ਕੀਤਾ ਗਿਆ ਸੀ। ਇਸ ਮੌਕੇ ਕੋਵਿਡ ਸਟੇਟ ਕੰਟਰੋਲ ਰੂਮ ਦੇ ਕੋਆਰਡੀਨੇਟਰ ਅਮਰਪ੍ਰੀਤ ਸਿੰਘ ਲਾਲੀ ਤੇ ਕੋ-ਕੋਆਰਡੀਨੇਟਰ ਕੰਵਰਬੀਰ ਸਿੰਘ ਰੂਬੀ ਸਿੱਧੂ ਪ੍ਰਧਾਨ ਜ਼ਿਲਾ ਯੂਥ ਕਾਂਗਰਸ ਮੁਹਾਲੀ ਆਦਿ ਵੀ ਹਾਜਰ ਸਨ।
ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਅਤੇ ਮੈਡੀਕਲ ਸਿੱਖਿਆ ਮੰਤਰੀ ਓ ਪੀ ਸੋਨੀ ਦੇ ਵਿਭਾਗ ਨੇ ਸਫਲਤਾ ਨਾਲ ਕੋਵਿਡ ਪ੍ਰਬੰਧਨ ਕੀਤਾ ਹੈ, ਉਥੇ ਹੀ ਰਾਜ ਦੇ ਡਾਕਟਰਾਂ ਅਤੇ ਫਰੰਟਲਾਇਨ ਕਾਮਿਆਂ ਨੇ ਵੀ ਇਸ ਮੁਸਕਿਲ ਘੜੀ ਵਿਚ ਮਨੁੱਖਤਾ ਦੀ ਸੇਵਾ ਕੀਤੀ ਹੈ। ਇਸ ਲਈ ਉਹ ਸਾਰੇ ਵਧਾਈ ਦੇ ਪਾਤਰ ਹਨ।
ਨਾਲ ਹੀ ਉਨਾਂ ਨੇ ਫਰਜ ਮਨੁੱਖਤਾ ਲਈ ਪ੍ਰੋਜੈਕਟ ਵਿਚ ਕੰਮ ਕਰਨ ਵਾਲੇ ਸਮੂਹ ਪਾਰਟੀ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਪ੍ਰੋਜੈਕਟ ਨਾਲ ਲੋਕਾਂ ਵਿਚ ਰਾਜਨੀਤੀ ਪ੍ਰਤੀ ਮੁੜ ਸਤਿਕਾਰ ਪੈਦਾ ਹੋਇਆ ਹੈ। ਉਨਾਂ ਨੇ ਕਿਹਾ ਕਿ ਸਟੇਟ ਪੱਧਰ ਤੇ ਸਥਾਪਿਤ ਕੰਟਰੋਲ ਰੂਮ ਤੋਂ ਇਲਾਵਾ ਜ਼ਿਲਿਆਂ ਵਿਚ ਸਥਾਪਿਤ ਸਹਾਇਤਾਂ ਕੇਂਦਰਾਂ ਰਾਹੀਂ ਹਜਾਰਾਂ ਲੋਕਾਂ ਨੂੰ ਆਕਸੀਜਨ, ਦਵਾਈਆਂ, ਹਸਪਤਾਲ ਵਿਚ ਭਰਤੀ ਕਰਵਾਉਣ ਵਿਚ ਮਦਦ, ਐਂਬੂਲੇਂਸ ਸਹਾਇਤਾਂ, ਰਾਸ਼ਨ, ਪੱਕਿਆ ਭੋਜਨ ਆਦਿ ਮੁਹਈਆ ਕਰਵਾਉਣ ਦਾ ਕੰਮ ਕੀਤਾ ਗਿਆ ਹੈ। ਉਨਾਂ ਨੇ ਕਿਹਾ ਕਿ ਸਾਡੇ ਕੌਮੀ ਆਗੂ ਸ੍ਰੀ ਰਾਹੁਲ ਗਾਂਧੀ ਵੱਲੋਂ ਪਾਰਟੀ ਨੂੰ ਨਿਰਦੇਸ਼ ਦਿੱਤੇ ਗਏ ਸਨ ਇਸ ਮੁਸਕਿਲ ਘੜੀ ਵਿਚ ਰਾਜਨੀਤੀ ਤੋਂ ਉਪਰ ਉਠ ਕੇ ਸੇਵਾ ਕਾਰਜਾਂ ਨੂੰ ਪਹਿਲ ਦੇਣੀ ਹੈ ਅਤੇ ਪਾਰਟੀ ਨੇ ਇਸੇ ਭਾਵਨਾ ਨਾਲ ਇਸ ਪ੍ਰੋਜੈਕਟ ਨੂੰ ਪੂਰਾ ਕੀਤਾ ਹੈ। ਉਨਾਂ ਨੇ ਇਸ ਕੰਮ ਵਿਚ ਲੱਗੀ ਟੀਮ ਨੂੰ ਕਿਹਾ ਕਿ ਹਾਲੇ ਵੀ ਖਤਰਾ ਟਲਿਆ ਨਹੀਂ ਹੈ ਇਸ ਲਈ ਤੀਜੀ ਲਹਿਰ ਤੋਂ ਪਹਿਲਾਂ ਆਪਣੇ ਆਪ ਨੂੰ ਹੋਰ ਮਜਬੂਤ ਕਰ ਲਿਆ ਜਾਵੇ।
ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਪੰਜਾਬ ਦੇਸ਼ ਦਾ ਪ੍ਰਮੁੱਖ ਰਾਜ ਹੈ ਪਰ ਚਾਹੇ ਵੈਕਸੀਨ ਦੀ ਗੱਲ ਹੋਵੇ ਤੇ ਚਾਹੇ ਜਰੂਰੀ ਦਵਾਈਆਂ ਦੀ ਕੇਂਦਰ ਸਰਕਾਰ ਪੰਜਾਬ ਨਾਲ ਵਿਤਕਰਾ ਕਰਦੀ ਰਹੀ ਹੈ। ਉਨਾਂ ਨੇ ਪ੍ਰਧਾਨ ਮੰਤਰੀ ਨੂੰ ਸੁਚੇਤ ਕਰਦਿਆਂ ਕਿਹਾ ਕਿ ਸਿਹਤ ਮਾਹਿਰ ਤੀਜੀ ਲਹਿਰ ਦੀ ਚਿਤਾਵਨੀ ਦੇ ਰਹੇ ਹਨ। ਇਸ ਲਈ ਇਹ ਅਰਾਮ ਦਾ ਵਕਤ ਨਹੀਂ ਹੈ ਬਲਕਿ ਸਰਕਾਰ ਨੂੰ ਅਗੇਤੇ ਪ੍ਰਬੰਧ ਕਰਨੇ ਚਾਹੀਦੇ ਹਨ। ਉਨਾਂ ਨੇ ਕਿਹਾ ਕਿ ਅਜਿਹਾ ਨਾ ਹੋਵੇ ਕਿ ਜਿਸ ਤਰਾਂ ਕੇਂਦਰ ਸਰਕਾਰ ਦੇ ਦੂਜੀ ਲਹਿਰ ਤੋਂ ਪਹਿਲਾਂ ਦੇ ਅਵੇਸਲੇ ਰਵਈਏ ਕਾਰਨ ਹਜਾਰਾਂ ਲੋਕਾਂ ਨੂੰ ਆਪਣੀ ਜਾਨ ਗੁਆਉਣੀ ਪਈ ਉਹੀ ਕੁਝ ਤੀਜੀ ਲਹਿਰ ਆਉਣ ਤੋਂ ਬਾਅਦ ਹੋ ਜਾਵੇ। ਉਨਾਂ ਨੇ ਸਰਕਾਰ ਨੂੰ ਵਾਇਰਸ ਦੇ ਬਦਲਦੇ ਰੂਪਾਂ ਤੇ ਤੁਰੰਤ ਵਿਗਿਆਨਕ ਖੋਜ ਕਰਕੇ ਮਾਹਿਰਾਂ ਦੀ ਰਾਏ ਅਨੁਸਾਰ ਪੂਰੇ ਇੰਤਜਾਮ ਕਰਨੇ ਚਾਹੀਦੇ ਹਨ।

ਟੀਵੀ ਪੰਜਾਬ ਬਿਊਰੋ