ਨਵੀਂ ਦਿੱਲੀ : ਕਿਸਾਨ ਜੱਥੇਬੰਦੀਆਂ ਪਿਛਲੇ 7 ਮਹੀਨਿਆਂ ਤੋਂ 3 ਕੇਂਦਰੀ ਖੇਤੀ ਕਾਨੂੰਨਾਂ ਵਿਰੁੱਧ ਪ੍ਰਦਰਸ਼ਨ ਕਰ ਰਹੀਆਂ ਹਨ। ਇਸ ਦੌਰਾਨ, ਦਿੱਲੀ ਦੇ ਗਾਜ਼ੀਪੁਰ ਬਾਰਡਰ ਤੋਂ ਟਕਰਾਅ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਕਿਸਾਨਾਂ ਅਤੇ ਭਾਜਪਾ ਦੇ ਸਮਰਥਕਾਂ ਵਿਚਾਲੇ ਹੰਗਾਮਾ ਹੋਇਆ ਹੈ।
ਕਿਹਾ ਜਾ ਰਿਹਾ ਹੈ ਕਿ ਭਾਜਪਾ ਸਮਰਥਕ ਇਕ ਨੇਤਾ ਦੇ ਸਵਾਗਤ ਲਈ ਗਾਜੀਪੁਰ ਸਰਹੱਦ ‘ਤੇ ਪਹੁੰਚੇ ਸਨ, ਇਸ ਦੌਰਾਨ ਹੰਗਾਮਾ ਸ਼ੁਰੂ ਹੋ ਗਿਆ। ਇਸ ਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਨੇ ਭਾਜਪਾ ‘ਤੇ ਲਾਠੀਆਂ ਨਾਲ ਹਮਲਾ ਕਰਨ ਦਾ ਦੋਸ਼ ਲਾਇਆ।
ਭਾਰਤੀ ਕਿਸਾਨ ਯੂਨੀਅਨ ਨੇ ਟਵੀਟ ਕੀਤਾ ਕਿ ਬੀਜੇਪੀ ਦੇ ਵਰਕਰ ਅੱਜ ਗਾਜ਼ੀਪੁਰ ਸਰਹੱਦ ‘ਤੇ ਫਲਾਈ ਵੇਅ ਦੇ ਮੱਧ ਵਿਚ ਸਟੇਜ ਨੇੜੇ ਵੱਡੀ ਗਿਣਤੀ ਵਿਚ ਇਕੱਠੇ ਹੋਏ ਅਤੇ ਇਕ ਨੇਤਾ ਦੇ ਸਵਾਗਤ ਦੇ ਬਹਾਨੇ ਢੋਲ ਵਜਾ ਕੇ ਅੰਦੋਲਨ ਵਿਰੋਧੀ ਨਾਅਰੇਬਾਜ਼ੀ ਕੀਤੀ। ਬੀਕੇਯੂ ਵਰਕਰਾਂ ਵੱਲੋਂ ਮਨ੍ਹਾ ਕਰਨ ‘ਤੇ ਲਾਠੀਆਂ ਨਾਲ ਹਮਲਾ ਕਰ ਦਿੱਤਾ ਗਿਆ। ਜਿਸ ਵਿਚ ਕਿਸਾਨ ਜ਼ਖਮੀ ਹੋ ਗਏ ।
ਉਨ੍ਹਾਂ ਕਿਹਾ ਕਿ ਭਾਜਪਾ ਹੁਣ ਅੰਦੋਲਨ ਨੂੰ ਹਿੰਸਾ ਨਾਲ ਤੋੜਨਾ ਚਾਹੁੰਦੀ ਹੈ, ਜਿਸ ਦੀ ਮਿਸਾਲ ਅੱਜ ਗਾਜ਼ੀਪੁਰ ਸਰਹੱਦ ‘ਤੇ ਭਾਜਪਾ ਵਰਕਰਾਂ ਦੁਆਰਾ ਕੀਤੀ ਗਈ ਹਿੰਸਾ ਹੈ। ਸਾਰੇ ਕਿਸਾਨਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਉਨ੍ਹਾਂ ਦਾ ਸ਼ਿਕਾਰ ਨਾ ਹੋਣ ਅਤੇ ਆਪਣੇ ਸੰਘਰਸ਼ ਨੂੰ ਬਚਾਉਣ।
ਜ਼ਿਕਰਯੋਗ ਹੈ ਕਿ ਕਿਸਾਨ ਜਥੇਬੰਦੀਆਂ ਪਿਛਲੇ ਸੱਤ ਮਹੀਨਿਆਂ ਤੋਂ 3 ਕੇਂਦਰੀ ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੀਆਂ ਹਨ। ਇਸੇ ਤਰ੍ਹਾਂ ਨਾਲ, ਗਾਜ਼ੀਪੁਰ ਸਰਹੱਦ ‘ਤੇ ਵੀ ਕਿਸਾਨ ਅੰਦੋਲਨ ਜਾਰੀ ਹੈ। ਕਿਸਾਨ ਸਰਕਾਰ ਤੋਂ ਮੰਗ ਕਰ ਰਹੇ ਹਨ ਕਿ ਤਿੰਨ ਖੇਤੀ ਕਾਨੂੰਨ ਵਾਪਸ ਲਏ ਜਾਣ ਅਤੇ ਘੱਟੋ ਘੱਟ ਸਮਰਥਨ ਮੁੱਲ (ਐੱਮ.ਐੱਸ.ਪੀ.) ਐਕਟ ਬਣਾਇਆ ਜਾਵੇ।
ਟੀਵੀ ਪੰਜਾਬ ਬਿਊਰੋ