Site icon TV Punjab | English News Channel

ਰਾਸ਼ਟਰੀ ਪੱਧਰੀ ਦੇ ਤੈਰਾਕ ਉਮੇਸ਼ ਸ਼ਰਮਾ ਨੇ ਡੀ.ਐਸ.ਓ. ਜਲੰਧਰ ਵਜੋਂ ਅਹੁਦਾ ਸੰਭਾਲਿਆ

ਜਲੰਧਰ : ਰਾਸ਼ਟਰੀ ਪੱਧਰੀ ਦੇ ਉੱਘੇ ਤੈਰਾਕ, ਪੰਜਾਬ ਤੈਰਾਕੀ ਟੀਮ ਦੇ ਸਾਬਕਾ ਕਪਤਾਨ ਅਤੇ ਵੀਰਤਾ ਪੁਰਸਕਾਰ ਹਾਸਲ ਕਰਨ ਵਾਲੇ ਉਮੇਸ਼ ਸ਼ਰਮਾ ਨੇ ਅੱਜ ਜ਼ਿਲ੍ਹਾ ਖੇਡ ਅਫਸਰ (ਡੀ.ਐਸ.ਓ.), ਜਲੰਧਰ ਵਜੋਂ ਅਹੁਦਾ ਸੰਭਾਲ ਲਿਆ ਹੈ।

ਨਵੇਂ ਡੀ.ਐਸ.ਓ. ਦੇ ਰਸਮੀ ਆਦੇਸ਼ ਕੁਝ ਦਿਨ ਪਹਿਲਾਂ ਜਾਰੀ ਕੀਤੇ ਗਏ ਸਨ। ਉਮੇਸ਼ ਸ਼ਰਮਾ ਨੇ ਤੈਰਾਕੀ ਵਿਚ ਆਪਣੇ ਲਈ ਇਕ ਮਹੱਤਵਪੂਰਣ ਸਥਾਨ ਬਣਾਇਆ ਅਤੇ ਉਹ ਪੰਜਾਬ ਦੇ ਪ੍ਰਸਿੱਧ ਖਿਡਾਰੀਆਂ ਵਿਚੋਂ ਇਕ ਰਹੇ ਹਨ । ਤੈਰਾਕੀ ਖਿਡਾਰੀ ਉਮੇਸ਼ ਸ਼ਰਮਾ ਵੱਲੋਂ ਰਾਹਤ ਕਾਰਜਾਂ ਦੌਰਾਨ ਹੜ੍ਹ ਪ੍ਰਭਾਵਿਤ ਪਿੰਡ ਫ਼ਤਿਹਪੁਰ ਵਿਚ ਫਸੇ ਤਿੰਨ ਲੋਕਾਂ ਦੀ ਜਾਨ ਬਚਾਉਣ ‘ਤੇ ਉਨ੍ਹਾਂ ਨੂੰ 2009 ਵਿਚ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਅਜੀਤ ਸਿੰਘ ਪੰਨੂ ਵੱਲੋਂ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।

ਇਸ ਚਾਰਜ ਤੋਂ ਪਹਿਲਾਂ ਉਨ੍ਹਾਂ ਵੱਲੋਂ ਸਪੋਰਟਸ ਕਾਲਜ ਜਲੰਧਰ ਵਿਖੇ ਉਭਰ ਰਹੇ ਤੈਰਾਕੀ ਖਿਡਾਰੀਆਂ ਨੂੰ ਕੋਚਿੰਗ ਦਿੱਤੀ ਜਾ ਰਹੀ ਸੀ । 2016 ਬੈਚ ਦੇ ਇਸ ਕੋਚ ਨੂੰ ਤੈਰਾਕੀ ਅਖਾੜੇ ਵਿਚ ਸ਼ਾਨਦਾਰ ਖਿਡਾਰੀ ਪੈਦਾ ਕਰਨ ਦਾ ਮਾਣ ਵੀ ਹਾਸਲ ਹੈ। ਉਨ੍ਹਾਂ ਦੁਆਰਾ ਸਿਖਲਾਈ ਪ੍ਰਾਪਤ ਕਈ ਖਿਡਾਰੀਆਂ ਨੇ ਆਪਣੀ ਖੇਡ ਰਾਹੀਂ ਦੇਸ਼ ਅਤੇ ਰਾਜ ਦਾ ਨਾਮ ਵੀ ਰੌਸ਼ਨ ਕੀਤਾ ਹੈ।

ਉਮੇਸ਼ ਸ਼ਰਮਾ ਨੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਡਾਇਰੈਕਟਰ ਸਪੋਰਟਸ ਡੀ.ਪੀ.ਐਸ. ਖਰਬੰਦਾ ਦਾ ਇਹ ਮੌਕਾ ਦੇਣ ‘ਤੇ ਧੰਨਵਾਦ ਕਰਦਿਆਂ ਕਿਹਾ ਕਿ ਖੇਡ ਗਤੀਵਿਧੀਆਂ ਰਾਹੀਂ ਨੌਜਵਾਨਾਂ ਦੀ ਅਸੀਮ ਊਰਜਾ ਨੂੰ ਸਕਾਰਾਤਮਕ ਦਿਸ਼ਾ ਵੱਲ ਲਿਜਾਣਾ ਉਨ੍ਹਾਂ ਦੀ ਪਹਿਲੀ ਤਰਜੀਹ ਹੋਵੇਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਜ਼ਿਲ੍ਹੇ ਵਿਚ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।

ਟੀਵੀ ਪੰਜਾਬ ਬਿਊਰੋ