ਐੱਸਏਐੱਸ ਨਗਰ – ਸੋਹਾਣਾ ਥਾਣੇ ਦੀ ਪੁਲਿਸ ਨੇ ਯੂ ਪੀ ਤੋਂ ਤਿੰਨ ਮੁਲਜ਼ਮਾਂ ਨੂੰ ਤਿੰਨ ਕਿੱਲੋ ਅਫੀਮ ਸਮੇਤ ਕਾਬੂ ਕੀਤਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਬਰੇਲੀ ਦੇ ਪਿੰਡ ਮੰਜੂਮਾ ਨਿਵਾਸੀ ਬ੍ਜਪਾਲ, ਅਨਿਲ ਕੁਮਾਰ ਕਸ਼ਿਅਪ ਤੇ ਬਰੇਲੀ ਦੇ ਪਿੰਡ ਬਹਾਦੁਰਗੰਜ ਨਿਵਾਸੀ ਰਾਕੇਸ਼ ਵਰਮਾ ਦੇ ਰੂਪ ‘ਚ ਹੋਈ ਹੈ। ਪੁਲਿਸ ਨੇ ਤਿੰਨਾਂ ਮੁਲਜ਼ਮਾਂ ਨੂੰ ਅਦਾਲਤ ‘ਚ ਪੇਸ਼ ਕਰ ਚਾਰ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਹੈ, ਤਾਂ ਕਿ ਮੁਲਜ਼ਮਾਂ ਤੋਂ ਪਤਾ ਲਗਾਇਆ ਜਾ ਸਕੇ ਕਿ ਮੋਹਾਲੀ ‘ਚ ਇਹ ਤਿੰਨ ਕਿੱਲੋ ਦੀ ਖੇਪ ਕਿਸ ਨੂੰ ਦੇਣ ਆਏ ਸਨ।
ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਤਿੰਨੋ ਮੁਲਜ਼ਮ ਤਿੰਨ ਕਿੱਲੋ ਅਫੀਮ ਆਪਣੇ ਲੱਕ ਨਾਲ ਬੰਨ੍ਹ ਕੇ ਇੱਥੇ ਪੁੱਜੇ ਸਨ। ਇਸ ਅਫ਼ੀਮ ਦੀ ਖੇਪ ਨੂੰ ਇਹ ਮੋਹਾਲੀ ਤਕ ਲੈ ਕੇ ਆਏ ਸਨ ਜੋ ਕਿਸੇ ਨੂੰ ਅੱਗੇ ਸਪਲਾਈ ਕਰਨੀ ਸੀ। ਏਐੱਸਆਈ ਹਰਵਿੰਦਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਯੂਪੀ ਦੇ ਬਰੇਲੀ ਤੋਂ ਆਏ ਤਿੰਨ ਨੌਜਵਾਨ ਅਫੀਮ ਦੀ ਸਪਲਾਈ ਕਰਨ ਆ ਰਹੇ ਹਨ। ਉਨ੍ਹਾਂ ਨੇ ਹਾਊਸਫੈਡ ਦੋ ਦੇ ਕੋਲ ਨਾਕਾ ਲਗਾਇਆ ਅਤੇ ਉਕਤ ਤਿੰਨੋਂ ਮੁਲਜ਼ਮਾਂ ਨੂੰ ਫੜ ਲਿਆ। ਮੁਲਜ਼ਮ ਅਨਿਲ ਕੁਮਾਰ ਕਸ਼ਿਅਪ ਕੋਲ ਤਿੰਨ ਕਿੱਲੋ ਅਫੀਮ ਸੀ ਤੇ ਉਸ ਦੇ ਦੋਵਾਂ ਸਾਥੀ ਬ੍ਜਪਾਲ ਤੇ ਰਾਕੇਸ਼ ਵਰਮਾ ਨੇ ਇਸ ਅਫ਼ੀਮ ਨੂੰ ਵੰਡ ਕਰ ਅੱਗੇ ਆਪਣੇ-ਆਪਣੇ ਟਾਰਗੇਟ ਨੂੰ ਸਪਲਾਈ ਕਰਨ ਲਈ ਜਾਣਾ ਸੀ। ਪੁੱਛਗਿਛ ‘ਚ ਦੱਸਿਆ ਅਨਿਲ ਨੇ ਮੋਹਾਲੀ, ਰਾਕੇਸ਼ ਵਰਮਾ ਨੇ ਅੰਮਿ੍ਤਸਰ ਤੇ ਬਰਿਜਪਾਲ ਨੇ ਫਿਰੋਜ਼ਪੁਰ ਦੇ ਮਮਦੋਟ ਏਰੀਆ ‘ਚ ਗਾਹਕਾਂ ਨੂੰ ਇਹ ਅਫ਼ੀਮ ਪਹੁੰਚਾਉਣੀ ਸੀ।