ਲੁਧਿਆਣਾ-ਸ਼ਿਮਲਾਪੁਰੀ ਇਲਾਕੇ ‘ਚ ਉਸ ਸਮੇਂ ਦਹਿਸ਼ਤ ਫੈਲ ਗਈ, ਜਦੋਂ ਇੱਥੋਂ ਲੰਘਦੀ ਸਿੱਧਵਾਂ ਨਹਿਰ ‘ਚੋਂ 3 ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਬਰਾਮਦ ਹੋਈਆਂ ਲਾਸ਼ਾਂ ‘ਚੋਂ ਇਕ ਲਾਸ਼ 10 ਸਾਲਾ ਬੱਚੇ ਦੀ ਹੈ, ਜੋ ਕਿ ਨਹਿਰ ‘ਚ ਨਹਾਉਣ ਗਿਆ ਅਤੇ ਪਾਣੀ ਦੇ ਤੇਜ਼ ਵਹਾਅ ‘ਚ ਰੁੜ੍ਹ ਗਿਆ। ਬੱਚੇ ਦੀ ਲਾਸ਼ ਬਾਰੇ ਵਾਰਸਾਂ ਨੂੰ ਸੂਚਿਤ ਕਰ ਦਿੱਤਾ ਗਿਆ ਹੈ। 10 ਸਾਲਾ ਬੱਚੇ ਸਮੇਤ ਇਕ ਹੋਰ ਲਾਸ਼ ਦੀ ਵੀ ਸ਼ਨਾਖਤ ਹੋ ਚੁੱਕੀ ਹੈ। ਉੱਥੇ ਹੀ ਤੀਜੀ ਲਾਸ਼ ਨੂੰ 72 ਘੰਟਿਆਂ ਲਈ ਸ਼ਨਾਖਤ ਵਾਸਤੇ ਸਿਵਲ ਹਸਪਤਾਲ ਰਖਵਾਇਆ ਗਿਆ ਹੈ। ਲਾਸ਼ਾਂ ਮਿਲਣ ਮਗਰੋਂ ਇਲਾਕੇ ਦੇ ਲੋਕਾਂ ‘ਚ ਸਹਿਮ ਪੈਦਾ ਹੋ ਗਿਆ ਹੈ।
ਗੌਰਤਲਬ ਹੈ ਕਿ ਨਹਿਰ ਵਿਚੋਂ ਇਹ ਲਾਸ਼ਾਂ ਥੋੜ੍ਹੇ-ਥੋੜ੍ਹੇ ਫਰਕ ਨਾਲ ਹਾਸਲ ਹੋਈਆਂ ਹਨ। ਫਿਲਹਾਲ ਇਸ ਸਬੰਧੀ ਪੁਲਸ ਵੱਲੋਂ ਧਾਰਾ-174 ਦੀ ਕਾਰਵਾਈ ਕੀਤੀ ਗਈ ਹੈ। ਜਾਣਕਾਰੀ ਦਿੰਦਿਆਂ ਚੌਂਕੀ ਮਰਾਡੋ ਦੇ ਇੰਚਾਰਜ ਸੁਭਾਸ਼ ਕਟਾਰੀਆ ਨੇ ਦੱਸਿਆ ਕਿ ਤਿੰਨੇ ਲਾਸ਼ਾਂ ਚੌਂਕੀ ਮਰਾਡੋ ਅਧੀਨ ਪੈਂਦੇ ਇਲਾਕੇ ‘ਚੋਂ ਬਰਾਮਦ ਹੋਈਆਂ ਹਨ।
ਟੀਵੀ ਪੰਜਾਬ ਬਿਊਰੋ