ਲਾਹੌਰ -ਪਾਕਿਸਤਾਨ, ਪੰਜਾਬ ਦੇ ਡੇਰਾ ਗਾਜ਼ੀ ਖਾਨ ਜ਼ਿਲ੍ਹੇ ਵਿਚ ਸੋਮਵਾਰ ਨੂੰ ਭਿਆਨਕ ਸੜਕ ਹਾਦਸਾ ਵਾਪਰਿਆ। ਇਸ ਹਾਦਸੇ ਚ ਕਰੀਬ 30 ਲੋਕਾਂ ਦੀ ਮੌਤ ਹੋ ਗਈ ਅਤੇ 40 ਤੋਂ ਵੱਧ ਲੋਕ ਜ਼ਖਮੀ ਹੋ ਗਏ। ਇਹ ਹਾਦਸਾ ਹਾਈਵੇਅ ‘ਤੇ ਇਕ ਯਾਤਰੀ ਬੱਸ ਦੇ ਟਰੱਕ ਨਾਲ ਟਕਰਾਉਣ ‘ਤੇ ਵਾਪਰਿਆ।
ਜ਼ਖਮੀਆਂ ਲੋਕਾਂ ਵਿਚੋਂ ਜ਼ਿਆਦਾਤਰ ਉਹ ਵਰਕਰ ਹਨ ਜੋ ਈਦ-ਉਲ-ਅਜਹਾ ਮਨਾਉਣ ਲਈ ਆਪਣੇ ਘਰਾਂ ਨੂੰ ਜਾ ਰਹੇ ਸਨ।ਜ਼ਖਮੀਆਂ ਨੂੰ ਇਕ ਨੇੜਲੇ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਹਸਪਤਾਲ ਦੇ ਮੈਡੀਕਲ ਕਰਮੀਆਂ ਨੇ ਦੱਸਿਆ ਕਿ 18 ਲੋਕਾਂ ਦੀ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਹਾਦਸੇ ਦੀ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਬੱਸ ਸਿਆਲਕੋਟ ਤੋਂ ਰਾਜਨਪੁਰ ਜਾ ਰਹੀ ਸੀ, ਉਦੋਂ ਉਹ ਡੇਰਾ ਗਾਜ਼ੀ ਖਾਨ ਜ਼ਿਲ੍ਹੇ ਦੇ ਤਾਉਨਸਾ ਬਾਈਪਾਸ ਨੇੜੇ ਸਿੰਧੂ ਹਾਈਵੇਅ ‘ਤੇ ਹਾਦਸਾਗ੍ਰਸਤ ਹੋ ਗਈ।
ਪਾਕਿਸਤਾਨ ਦੇ ਸੂਚਨਾ ਅਤੇ ਪ੍ਰਸਾਰਨ ਮੰਤਰੀ ਫਵਾਦ ਚੌਧਰੀ ਨੇ ਪੁਸ਼ਟੀ ਕੀਤੀ ਕਿ ਡੇਰਾ ਗਾਜ਼ੀ ਖਾਨ ਨੇੜੇ ਵਾਪਰੇ ਹਾਦਸੇ ਵਿਚ ਕਰੀਬ 30 ਲੋਕਾਂ ਦੀ ਮੌਤ ਹੋ ਗਈ ਹੈ।ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਜਦਰ ਅਤੇ ਗ੍ਰਹਿ ਮੰਤਰੀ ਸ਼ੇਖ ਰਸ਼ੀਦ ਨੇ ਘਟਨਾ ‘ਤੇ ਦੁੱਖ ਪ੍ਰਗਟ ਕੀਤਾ ਹੈ।