ਵਿਵਾਦਤ ਅਰਦਾਸ ਕਰਨ ਵਾਲੇ ਗਰੰਥੀ ਨੂੰ ਬਠਿੰਡਾ ਪੁਲਿਸ ਨੇ ਕੀਤਾ ਗ੍ਰਿਫਤਾਰ, 295 A ਦੇ ਤਹਿਤ ਪਰਚਾ

FacebookTwitterWhatsAppCopy Link

Bathinda : ਬਠਿੰਡੇ ਦੇ ਇੱਕ ਗ੍ਰੰਥੀ ਵੱਲੋਂ ਅਰਦਾਸ ਵਿੱਚ ਇਤਰਾਜ਼ਯੋਗ ਪੰਕਤੀਆਂ ਜੋੜਨ ਦੀ ਵਾਇਰਲ ਹੋਈ ਵੀਡੀਓ ਨੇ ਚੁਫ਼ੇਰੇ ਹੀ ਭੂਚਾਲ ਪੈਦਾ ਕਰ ਦਿੱਤਾ ਹੈ। ਇਸ ਤੋਂ ਬਾਅਦ ਗ੍ਰੰਥੀ ਸਿੰਘ ਖਿਲਾਫ਼ ਦਰਜ ਕਰਵਾਈ ਗਈ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕਰਦਿਆਂ ਬਠਿੰਡਾ ਪੁਲਿਸ ਨੇ ਗ੍ਰੰਥੀ ਗੁਰਮੇਲ ਸਿੰਘ ਦੇ ਖ਼ਿਲਾਫ਼ ਥਾਣਾ ਸਦਰ ਵਿੱਚ 295 A ਆਈਪੀਸੀ ਦੇ ਤਹਿਤ ਮਾਮਲਾ ਦਰਜ ਕਰਕੇ ਉਸਨੂੰ ਗ੍ਰਿਫ਼ਤਾਰ ਕਰ ਲਿਆ।

ਬਠਿੰਡਾ ਪੁਲੀਸ ਨੇ ਇਸ ਗੱਲ ਦੀ ਜਾਣਕਾਰੀ ਆਪਣੇ ਫੇਸਬੁੱਕ ਅਫੀਸ਼ੀਅਲ ਪੇਜ ਉੱਤੇ ਸਾਂਝੀ ਕੀਤੀ। ਜਾਣਕਾਰੀ ਵਿਚ ਬਠਿੰਡਾ ਪੁਲਿਸ ਨੇ ਦੱਸਿਆ ਕਿ ਗ੍ਰੰਥੀ ਖ਼ਿਲਾਫ਼ ਕਾਨੂੰਨੀ ਕਾਰਵਾਈ ਸ਼ੁਰੂ ਹੋ ਚੁੱਕੀ ਹੈ ਅਤੇ ਮਾਮਲੇ ਦੀ ਤਫਤੀਸ਼ ਜਾਰੀ ਹੈ।

ਗੌਰਤਲਬ ਹੈ ਕਿ ਉਕਤ ਗ੍ਰੰਥੀ ਦੀ ਇਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਉਹ ਅਰਦਾਸ ਕਰ ਰਿਹਾ ਸੀ ਕਿ ਪਰਮਾਤਮਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲੰਮੀ ਉਮਰ ਕਰੇ। ਇਸ ਦੇ ਨਾਲ ਨਾਲ ਉਸਨੇ ਅਰਦਾਸ ਵਿਚ ਹੋਰ ਵੀ ਵਿਵਾਦਤ ਗੱਲਾਂ ਕੀਤੀਆਂ ਸਨ। ਅਰਦਾਸ ਦੇ ਵਿਚ ਉਸਨੇ ਬੇਅਦਬੀ ਮਾਮਲੇ ਦਾ ਜ਼ਿਕਰ ਕਰਦਿਆਂ ਇਸ ਤੇ ਕੀਤੀ ਜਾ ਰਹੀ ਸਿਆਸਤ ਦਾ ਵੀ ਜਿਕਰ ਕੀਤਾ ਸੀ।