ਕੋਟਕਪੂਰਾ ਗੋਲੀਕਾਂਡ : ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ SIT ਕਰੀਬ 3 ਘੰਟੇ ਕੀਤੀ ਪੁੱਛਗਿੱਛ, ਜਾਣੋਂ ਕੀ ਬੋਲੇ

FacebookTwitterWhatsAppCopy Link

ਬਰਗਾੜੀ-ਕੋਟਕਪੂਰਾ ਗੋਲੀਕਾਂਡ ਨੂੰ ਲੈ ਕੇ SIT ਨੇ ਅੱਜ ਪਟਿਆਲਾ ਵਿਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੋਂ ਡੂੰਘੀ ਪੁੱਛਗਿੱਛ ਕੀਤੀ। ਇਸ ਸਬੰਧੀ ਬਿਆਨ ਦਰਜ ਕਰਾਉਣ ਲਈ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਪਟਿਆਲਾ ਦੇ ਸਰਕਟ ਹਾਊਸ ਪੁੱਜੇ ਹੋਏ ਸਨ। SIT ਨੇ ਇਥੇ ਇਨ੍ਹਾਂ ਤੋਂ ਲਗਪਗ 3 ਘੰਟੇ ਪੁੱਛ-ਪੜਤਾਲ ਕੀਤੀ।

ਏਡੀਜੀਪੀ ਐਲ ਕੇ ਯਾਦਵ ਦੀ ਅਗਵਾਈ ਵਾਲੀ ਟੀਮ ਢੱਡਰੀਆਂਵਾਲਾ ਦੇ ਆਉਣ ਤੋਂ ਪਹਿਲਾਂ ਹੀ ਪਟਿਆਲਾ ਦੇ ਸਰਕਟ ਹਾਊਸ ਵਿਚ ਪਹੁੰਚ ਚੁੱਕੀ ਸੀ । ਜਦੋਂ ਕਿ ਭਾਈ ਢੱਡਰੀਆਂ ਵਾਲੇ ਆਪਣੇ ਕਾਫ਼ਲੇ ਸਮੇਤ ਸਾਢੇ ਗਿਆਰਾਂ ਵਜੇ ਸਰਕਟ ਹਾਊਸ ਵਿੱਚ ਦਾਖਲ ਹੋਏ। ਉਨ੍ਹਾਂ ਤੋਂ ਟੀਮ ਨੇ ਪੁੱਛ ਪੜਤਾਲ ਸ਼ੁਰੂ ਕਰ ਦਿੱਤੀ ਹੈ। ਗੱਲਬਾਤ ਤੋਂ ਮਗਰੋਂ SIT ਦੇ ਮੈਂਬਰ ਅਤੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਆਪੋ ਆਪਣੀਆਂ ਗੱਡੀਆਂ ਵਿੱਚ ਸਰਕਟ ਹਾਊਸ ਤੋਂ ਰਵਾਨਾ ਹੋ ਗਏ। ਪ੍ਰਮੇਸ਼ਵਰ ਦੁਆਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਾਈ ਢੱਡਰੀਆਂ ਵਾਲੇ ਨੇ ਦੱਸਿਆ ਕਿ ਉਹਨਾਂ ਨੂੰ ਚੌਥੀ ਵਾਰ ਪੁੱਛ ਪੜਤਾਲ ਲਈ ਸੱਦਿਆ ਗਿਆ ਹੈ।

ਗੌਰਤਲਬ ਕਿ ਬੀਤੇ ਦਿਨੀਂ ਨਵੀਂ ਗਠਿਤ SIT ਨੇ ਸਾਬਕਾ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਤੋਂ ਵੀ ਪੁੱਛ ਪੜਤਾਲ ਕੀਤੀ ਸੀ। ਲੰਘੀ 2 ਜੁਲਾਈ ਨੂੰ ਐਸ.ਆਈ.ਟੀ.ਨੇ ਫ਼ਰੀਦਕੋਟ ਵਿਖੇ ਵੀ ਮੌਕੇ ਦੇ ਗਵਾਹ ਭਾਈ ਪੰਥਪ੍ਰੀਤ ਸਿੰਘ ਸਮੇਤ ਕੁਝ ਪੰਥਕ ਆਗੂਆਂ ਤੋਂ ਪੁੱਛਗਿੱਛ ਕੀਤੀ ਸੀ। ਭਾਈ ਢੱਡਰੀਆਂਵਾਲਾ ਵੀ ਉਸੇ ਦਿਨ ਹੀ SIT ਵੱਲੋਂ ਬੁਲਾਏ ਗਏ ਸਨ ਪਰ ਉਸ ਦਿਨ ਉਹ ਕਿਸੇ ਕਾਰਨ ਉੱਥੇ ਨਹੀਂ ਪਹੁੰਚੇ ਸਨ। ਕਿਹਾ ਜਾ ਰਿਹਾ ਹੈ ਕਿ ਉਸ ਦਿਨ ਉਹ ਸੁਰੱਖਿਆ ਕਾਰਨਾਂ ਕਰਕੇ ਉੱਥੇ ਨਹੀਂ ਪਹੁੰਚੇ ਸਨ। ਅੱਜ ਉਹ ਆਪਣੇ ਟਿਕਾਣੇ ਪ੍ਰਮੇਸ਼ਵਰ ਦੁਆਰ ਤੋਂ ਪਟਿਆਲਾ ਸਰਕਟ ਹਾਊਸ ਪੁੱਜੇ ਅਤੇ ਐਸਆਈਟੀ ਦੇ ਸਵਾਲਾਂ ਦੇ ਜਵਾਬ ਦੇ ਕੇ ਪ੍ਰਮੇਸ਼ਵਰ ਦੁਆਰ ਲਈ ਹੀ ਵਾਪਸ ਰਵਾਨਾ ਹੋ ਗਏ।

ਟੀਵੀ ਪੰਜਾਬ ਬਿਊਰੋ