PAU ਵਿਚ ਖੇਤੀ ਵਿਕਾਸ ਪ੍ਰੋਗਰਾਮ ਬਾਰੇ ਵੈਬੀਨਾਰ

FacebookTwitterWhatsAppCopy Link

ਲੁਧਿਆਣਾ : ਪੀ.ਏ.ਯੂ. ਦੇ ਨਿਰਦੇਸ਼ਕ ਪਸਾਰ ਸਿੱਖਿਆ ਵੱਲੋਂ ਖੇਤੀ ਵਿਕਾਸ ਪ੍ਰੋਗਰਾਮਾਂ ਦੀ ਦੇਣ ਵਿਸ਼ੇ ਤੇ ਇਕ ਵੈਬੀਨਾਰ ਕਰਵਾਇਆ ਗਿਆ । ਇਸ ਵਿਚ ਸ਼ੇਰੇ ਕਸ਼ਮੀਰ ਯੂਨੀਵਰਸਿਟੀ ਆਫ ਐਗਰੀਕਲਚਰ ਸਾਇੰਸ ਐਂਡ ਤਕਨਾਲੋਜੀ ਦੇ ਖੇਤੀ ਪਸਾਰ ਸਿੱਖਿਆ ਦੇ ਪ੍ਰੋਫੈਸਰ ਡਾ. ਰਾਜਿੰਦਰ ਪੇਸ਼ਿਨ ਮੁੱਖ ਵਕਤਾ ਵਜੋਂ ਸ਼ਾਮਿਲ ਹੋਏ । ਉਹਨਾਂ ਨੇ ਖੇਤੀ ਵਿਕਾਸ ਪ੍ਰੋਗਰਾਮਾਂ ਦੇ ਮੁਲਾਂਕਣ ਦੇ ਵੱਖ-ਵੱਖ ਤਰੀਕਿਆਂ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ।

ਇਸ ਦੇ ਨਾਲ ਹੀ ਉਹਨਾਂ ਨੇ ਵਿਧੀਆਂ ਦਾ ਜ਼ਿਕਰ ਵੀ ਕੀਤਾ ਜੋ ਇਸ ਪ੍ਰੋਗਰਾਮ ਨਾਲ ਜੁੜਨ ਵਾਲੇ ਵਿਸ਼ਲੇਸ਼ਕਾਂ ਵੱਲੋਂ ਅਪਨਾਈਆਂ ਜਾਂਦੀਆਂ ਹਨ । ਕਿ੍ਰਸ਼ੀ ਵਿਗਿਆਨ ਕੇਂਦਰਾਂ ਅਤੇ ਨਿਰਦੇਸ਼ਕ ਪਸਾਰ ਸਿੱਖਿਆ ਦੀ ਗਤੀਵਿਧੀਆਂ ਅਤੇ ਉਹਨਾਂ ਦੀ ਮਹੱਤਵਪੂਰਨ ਦੇਣ ਬਾਰੇ ਇਸ ਭਾਸ਼ਣ ਵਿੱਚ ਅਹਿਮ ਗੱਲਾਂ ਹੋਈਆਂ। ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਵਿਸ਼ੇ ਦੇ ਤਕਨੀਕੀ ਪੱਖ ਬਾਰੇ ਹੋਰ ਵਿਸਥਾਰ ਨਾਲ ਗੱਲ ਕੀਤੀ।

ਉਹਨਾਂ ਕਿਹਾ ਕਿ ਪਸਾਰ ਸਿੱਖਿਆ ਕਰਮੀਆਂ ਦਾ ਮੁੱਖ ਉਦੇਸ਼ ਵਿਗਿਆਨਕ ਕਾਢਾਂ ਨੂੰ ਲੋੜਵੰਦ ਤੱਕ ਲੈ ਕੇ ਜਾਣਾ ਹੋਣਾ ਚਾਹੀਦਾ ਹੈ । ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਨੇ ਇਸ ਮੌਕੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੁੰਦਿਆਂ ਇਸ ਵੈਬੀਨਾਰ ਲੜੀ ਨੂੰ ਕਰਵਾਉਣ ਵਾਲੀ ਕਮੇਟੀ ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।

ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਸਮਾਪਤੀ ਟਿੱਪਣੀ ਕਰਦਿਆਂ ਅੱਜ ਦੇ ਵੈਬੀਨਾਰ ਨੂੰ ਪਸਾਰ ਕਰਮੀਆਂ ਲਈ ਬਹੁਤ ਅਹਿਮ ਕਿਹਾ। ਇਸ ਸੈਸ਼ਨ ਵਿੱਚ ਡਾ. ਰਾਮ ਚੰਦ, ਡਾ. ਰਜਿੰਦਰ ਕਾਲੜਾ ਅਤੇ ਡਾ. ਰਾਕੇਸ਼ ਨੰਦਾ ਨੇ ਸੰਵਾਦ ਰਚਾਇਆ । ਵੱਖ-ਵੱਖ ਕਿ੍ਰਸ਼ੀ ਵਿਗਿਆਨ ਕੇਂਦਰਾਂ, ਪੀ.ਏ.ਯੂ. ਦੇ ਵਿਭਾਗਾਂ ਅਤੇ ਅਧਿਆਪਕਾਂ ਸਮੇਤ 152 ਅਧਿਕਾਰੀ ਇਸ ਵੈਬੀਨਾਰ ਦਾ ਹਿੱਸਾ ਬਣੇ।

ਟੀਵੀ ਪੰਜਾਬ ਬਿਊਰੋ