ਪੰਜਾਬੀਆਂ ਨੂੰ ਬਾਹਰੀ ਤਾਕਤਾਂ ਤੋਂ ਸੁਚੇਤ ਰਹਿਣ ਦੀ ਲੋੜ : ਕੈਪਟਨ ਅਮਰਿੰਦਰ ਸਿੰਘ

FacebookTwitterWhatsAppCopy Link

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵ ਨਿਯੁਕਤ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਚਾਰ ਹੋਰ ਕਾਰਜਕਾਰੀ ਪ੍ਰਧਾਨਾਂ ਦੇ ਤਾਜਪੋਸ਼ੀ ਸਮਾਗਮ ਸ਼ੁਰੂ ਹੋ ਚੁੱਕਾ ਹੈ। ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਜੋ ਪੰਜਾਬ ‘ਚ ਪ੍ਰਾਪਤੀਆਂ ਹੋਈਆਂ ਹਨ ਉਨ੍ਹਾਂ ‘ਚ ਸੁਨੀਲ ਜਾਖੜ ਦੀ ਵੱਡੀ ਭੂਮਿਕਾ ਰਹੀ ਹੈ। ਉਨ੍ਹਾਂ ਕਿਹਾ ਖਾਸ ਕਰ ਕੋਵਿਡ ਦੇ ਮਾਮਲੇ ਵਿਚ। ਉਨ੍ਹਾਂ ਨਵਜੋਤ ਸਿੰਘ ਸਿੱਧੂ ਨਾਲ ਆਪਣੇ ਰਿਸ਼ਤਿਆਂ ਦਾ ਵੀ ਜ਼ਿਕਰ ਕੀਤਾ।

ਕੈਪਟਨ ਦਾ ਕਹਿਣਾ ਸੀ ਕਿ ਨਵਜੋਤ ਸਿੱਧੂ ਦੇ ਪਿਤਾ ਹੀ ਮੈਨੂੰ ਸਿਆਸਤ ਵਿਚ ਲੈ ਕੇ ਆਏ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਾਡੀ ਚਿੰਤਾ ਪੂਰੇ ਦੇਸ਼ ਲਈ ਹੈ। ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਸਾਨੂੰ ਪੰਜਾਬੀਆਂ ਨੂੰ ਬਾਹਰੀ ਤਾਕਤਾਂ ਤੋਂ ਸੁਚੇਤ ਰਹਿਣ ਦੀ ਲੋੜ ਹੈ। ਅਸੀਂ ਦੇਸ਼ ਲਈ ਇਕੱਠੇ ਹੋ ਕੇ ਲੜਾਂਗੇ। ਉਨ੍ਹਾਂ ਕਿਹਾ ਕਿ ਸਾਨੂੰ ਅਕਾਲੀ ਦਲ ਤੇ ਆਪ ਵਾਲਿਆਂ ‘ਤੇ ਕੋਈ ਭਰੋਸਾ ਨਹੀਂ। ਕੈਪਟਨ ਅਮਰਿੰਦਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਸਮੇਤ ਚਾਰੇ ਕਾਰਜਕਾਰੀ ਪ੍ਰਧਾਨਾਂ ਨੂੰ ਮੁਬਾਰਕਬਾਦ ਦਿੱਤੀ।

ਇਸ ਮੌਕੇ ਕੈਪਟਨ ਦਾ ਕਹਿਣਾ ਸੀ ਕਿ ਅਗਲੀਆਂ ਚੋਣਾਂ ਵਿਚ ਨਾ ਤਾਂ ਬਾਦਲ ਦਿਸਣਗੇ ਅਤੇ ਨਾ ਹੀ ਮਜੀਠੀਆ ਨਜ਼ਰ ਆਉਣਗੇ। ਕੈਪਟਨ ਨੇ ਕਿਹਾ ਕਿ ਹੁਣ ਮੈਂ ਅਤੇ ਸਿੱਧੂ ਪੰਜਾਬ ਵਿਚ ਹੀ ਨਹੀਂ ਦੇਸ਼ ਦੀ ਸਿਆਸਤ ਵਿਚ ਵੀ ਇਕੱਠੇ ਚੱਲਾਂਗੇ । ਇਸ ਮੌਕੇ ਉਨ੍ਹਾਂ ਨੇ ਆਪਣੀ ਪਾਰਟੀ ਵਲੋਂ ਕੀਤੇ ਗਏ ਕੰਮ ਵੀ ਦੱਸੇ ਅਤੇ ਅਕਾਲੀਆਂ ਨੂੰ ਬੇਅਦਬੀ ਮਾਮਲੇ ‘ਤੇ ਵੀ ਘੇਰਿਆ।
ਟੀਵੀ ਪੰਜਾਬ ਬਿਊਰੋ