ਟੋਕੀਓ : ਇਕ ਸਾਲ ਤੋਂ ਵੀ ਵੱਧ ਸਮੇਂ ਤੋਂ ਦੁਨੀਆਂ ‘ਤੇ ਭਾਰੀ ਪਈ ਕੋਰੋਨਾ ਮਹਾਂਮਾਰੀ (ਕੋਵਿਡ-19) ਦੇ ਡਰ ਦੌਰਾਨ 32 ਵੀਂਆਂ ਉਲੰਪਿਕ ਖੇਡਾਂ ਲੰਬੇ ਇੰਤਜ਼ਾਰ ਦੇ ਬਾਅਦ, ਸ਼ੁਕਰਵਾਰ ਨੂੰ ਇਥੇ ਇਕ ਰੰਗਾ-ਰੰਗ ਉਦਘਾਟਨੀ ਸਮਾਰੋਹ ਨਾਲ ਸ਼ੁਰੂ ਹੋ ਗਈਆਂ, ਜਿਸ ਵਿਚ ਉਨ੍ਹਾਂ ਸਾਰੇ ਖਦਸ਼ਿਆ ਨੂੰ ਵਿਰਾਮ ਲੱਗ ਗਿਆ ਹੈ ਜੋ ਕਿ ਇਸ ਖੇਡ ਮਹਾਕੁੰਭ ਦੇ ਆਯੋਜਨ ਬਾਰੇ ਲਗਾਏ ਜਾ ਰਹੇ ਸਨ। ਬਿਨਾਂ ਦਰਸ਼ਕਾਂ ਦੇ ਆਯੋਜਿਤ ਕੀਤੇ ਜਾ ਰਹੇ ਇਸ ਉਲੰਪਿਕ ਖੇਡਾਂ ਦੇ ਉਦਘਾਟਨੀ ਸਮਾਰੋਹ ਮੌਕੇ ਭਾਵਨਾਵਾਂ ਦੀ ਲਹਿਰ ਵੀ ਵੇਖਣ ਨੂੰ ਮਿਲੀ।
ਟੋਕੀਓ ਦੂਜੀ ਵਾਰ ਉਲੰਪਿਕ ਦੀ ਮੇਜ਼ਬਾਨੀ ਕਰ ਰਿਹਾ ਹੈ। ਇਸ ਤੋਂ ਪਹਿਲਾਂ 1964 ਵਿਚ ਉਲੰਪਿਕ ਦੀ ਸਫਲਤਾਪੂਰਵਕ ਮੇਜ਼ਬਾਨੀ ਕੀਤੀ ਸੀ। ਇਸ ਤੋਂ ਬਾਅਦ ਟੋਕਿਓ 2020 ਦੇ ਪ੍ਰਤੀਕ ਨੂੰ ਪ੍ਰਦਰਸ਼ਿਤ ਕਰਨ ਲਈ 20 ਸੈਕਿੰਡ ਨੀਲੇ ਅਤੇ ਚਿੱਟੇ ਰੰਗ ਦੀ ਆਤਿਸ਼ਬਾਜ਼ੀ ਕੀਤੀ ਗਈ, ਜਿਸ ਨੂੰ ਜਾਪਾਨੀ ਸਭਿਆਚਾਰ ਵਿਚ ਸ਼ੁੱਭ ਮੰਨਿਆ ਜਾਂਦਾ ਹੈ। ਜਾਪਾਨ ਦਾ ਸ਼ਹਿਨਸ਼ਾਹ ਨਾਰੂਹਿਤੋ ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈਓਸੀ) ਦੇ ਮੁਖੀ ਥਾਮਸ ਬਾਕ ਨਾਲ ਸਟੇਡੀਅਮ ਵਿਚ ਪਹੁੰਚੇ। ਭਾਰਤੀ ਖਿਡਾਰੀਆਂ ਦੀ ਟੁਕੜੀ ਦੀ ਅਗਵਾਈ ਕਰਦਿਆਂ ਮਨਪ੍ਰੀਤ ਸਿੰਘ ਤੇ ਮੈਰੀ ਕਾਮ ਭਾਰਤੀ ਦਲ ਦੇ ਝੰਡਾਬਰਦਾਰ ਬਣੇ।
ਉਦਘਾਟਨ ਸਮਾਰੋਹ ਵਿਚ ਆਉਣ ਵਾਲੇ ਮਹਿਮਾਨਾਂ ਨੂੰ ਆਗਿਆ ਨਾ ਦੇਣ ਦਾ ਫੈਸਲਾ ਕਈ ਹਫ਼ਤੇ ਪਹਿਲਾਂ ਲਿਆ ਗਿਆ ਸੀ। ਇਸ ਨੂੰ ਵੇਖਣ ਲਈ ਸਟੇਡੀਅਮ ਵਿਚ ਸਿਰਫ 1000 ਹਸਤੀਆਂ ਮੌਜੂਦ ਸਨ, ਜਿਨ੍ਹਾਂ ਵਿਚ ਅਮਰੀਕਾ ਦੀ ਪਹਿਲੀ ਔਰਤ ਜਿਲ ਬਿਡੇਨ ਵੀ ਸ਼ਾਮਲ ਸੀ। ਇਸ ਪ੍ਰੋਗਰਾਮ ਦੀ ਮੁੱਖ ਗੱਲ ਉਹ ਖਿਡਾਰੀ ਸਨ ਜੋ ਪਿਛਲੇ ਇਕ ਸਾਲ ਤੋਂ ਮਹਾਂਮਾਰੀ ਅਤੇ ਚਿੰਤਾਵਾਂ ਦੇ ਵਿਚਕਾਰ ਤਿਆਰੀ ਕਰ ਰਹੇ ਸਨ।
ਟੀਵੀ ਪੰਜਾਬ ਬਿਊਰੋ