ਚੰਡੀਗੜ੍ਹ ( ਗਗਨਦੀਪ ਸਿੰਘ ) : ਪੰਜਾਬ ਭਾਜਪਾ ਵੱਲੋਂ ਅੱਜ ਲੁਧਿਆਣਾ ‘ਚ ਵਰਕਿੰਗ ਕਮੇਟੀ ਦੀ ਇਕ ਬੈਠਕ ਹੋਈ ਜਿਸ ਦੀ ਪ੍ਰਧਾਨਗੀ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਕੀਤੀ ਗਈ। ਇਸ ਦੌਰਾਨ ਅਸ਼ਵਨੀ ਸ਼ਰਮਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਵੱਲੋਂ ਜੋ ਬੀਤੇ ਦਿਨਾਂ ਵਿੱਚ ਇਹ ਪੂਰਾ ਡਰਾਮਾ ਰਚਿਆ ਗਿਆ ਉਹ ਸਭ ਦਿੱਲੀ ਤੋਂ ਸਕ੍ਰਿਪਟ ਹੋਇਆ ਸੀ। ਉਨ੍ਹਾਂ ਕਿਹਾ ਕਿ ਆਪਣੀ ਸਰਕਾਰ ਦੀਆਂ ਨਾਕਾਮੀਆਂ ਲੁਕਾਉਣ ਲਈ ਉਨ੍ਹਾਂ ਨੇ ਹੀ ਸਭ ਡਰਾਮਾ ਰਚਿਆ ਹੈ, ਕਿਉਂਕਿ ਉਹ ਨਾ ਤਾ ਆਪਣੇ ਵੱਲੋਂ ਕੀਤੇ ਗਏ ਵਾਅਦੇ ਪੂਰੇ ਕਰ ਸਕੇ ਅਤੇ ਨਾ ਹੀ ਬੇਅਦਬੀ ਨੂੰ ਲੈ ਕੇ ਇਨਸਾਫ ਦਿਵਾ ਸਕੇ। ਜਿਸ ਕਰ ਕੇ ਇਹ ਡਰਾਮਾ ਰਚਿਆ ਹੈ ਤਾਂ ਜੋ ਲੋਕਾਂ ਦਾ ਧਿਆਨ ਭਟਕਾਇਆ ਜਾ ਸਕੇ।
ਕਿਸਾਨੀ ਦੇ ਮੁੱਦੇ ਤੇ ਬੋਲਦਿਆਂ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਉਹ ਕਿਸਾਨ ਸ਼ਬਦ ਦਾ ਬਹੁਤ ਸਨਮਾਨ ਕਰਦੇ ਹਨ। ਪਰ ਕਿਸਾਨਾਂ ਦੇ ਭੇਸ ਵਿਚ ਕੁਝ ਲੋਕ ਆਪਣੀਆਂ ਰਾਜਨੀਤਕ ਰੋਟੀਆਂ ਸੇਕ ਰਹੇ ਨੇ। ਉਹ ਉਨ੍ਹਾਂ ਦੇ ਖ਼ਿਲਾਫ਼ ਨੇ। ਉਨ੍ਹਾਂ ਨੇ ਕਿਹਾ ਕਿ ਹਰ ਕੋਈ ਪੰਜਾਬ ਵਿੱਚ ਅਮਨ ਸ਼ਾਂਤੀ ਚਾਹੁੰਦਾ ਹੈ। ਮੀਨਾਕਸ਼ੀ ਲੇਖੀ ਵੱਲੋਂ ਦਿੱਤੇ ਗਏ ਬਿਆਨ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਉਹ ਆਪਣਾ ਸਪੱਸ਼ਟੀਕਰਨ ਪਹਿਲਾਂ ਹੀ ਦੇ ਚੁੱਕੇ ਨੇ।
ਇਸ ਦੌਰਾਨ ਉਨ੍ਹਾਂ ਮਹਿੰਗਾਈ ਦੇ ਮੁੱਦੇ ਤੇ ਵੀ ਜਦੋਂ ਸਵਾਲ ਕੀਤਾ ਤਾਂ ਉਨ੍ਹਾਂ ਕਿਹਾ ਕਿ ਭਾਜਪਾ ਦੀ ਜੋ ਪੰਜ ਸਾਲ ਪਹਿਲਾਂ ਦਾ ਕਾਰਜਕਾਲ ਸੀ ਉਸ ਦੌਰਾਨ ਮਹਿੰਗਾਈ ਤੇ ਕੰਟਰੋਲ ਰਿਹਾ ਪਰ ਕੋਰੋਨਾ ਮਹਾਂਮਾਰੀ ਦੀ ਆਪਦਾ ਆਉਣ ਕਰਕੇ ਸਿਰਫ ਦੇਸ਼ ਨਹੀਂ ਸਗੋਂ ਪੂਰਾ ਵਿਸ਼ਵ ਇਸ ਦੀ ਲਪੇਟ ਵਿੱਚ ਹੈ। ਜਿਸ ਕਰਕੇ ਪੂਰੇ ਦੇਸ਼ ਨੂੰ ਆਰਥਿਕ ਮੰਦੀ ਨਾਲ ਜੂਝਣਾ ਪੈ ਰਿਹਾ ਹੈ।
ਅਰਥਵਿਵਸਥਾ ਬਿਲਕੁਲ ਹੇਠਾਂ ਡਿੱਗ ਗਈ ਹੈ, ਕਿਉਂਕਿ ਕੋਰੋਨਾ ਦੌਰਾਨ ਲਾਕਡਾਊਨ ਲਗਾਇਆ ਗਿਆ ਸੀ, ਉਨ੍ਹਾਂ ਕਿਹਾ ਕਿ ਮੁਫ਼ਤ ਵੈਕਸੀਨ ਲਗਾਈ ਜਾ ਰਹੀ ਹੈ, ਇੱਕ ਸੌ ਤੀਹ ਕਰੋੜ ਦੇਸ਼ ਵਿੱਚ ਆਬਾਦੀ ਹੈ ਉਨ੍ਹਾਂ ਕਿਹਾ ਕਿ ਇਹ ਪੱਕੇ ਤੌਰ ਤੇ ਨਹੀਂ ਹੈ ਇਹ ਕੁਝ ਸਮੇਂ ਲਈ ਹੈ, ਹਾਲਾਤ ਜਲਦ ਠੀਕ ਹੋ ਜਾਣਗੇ, ਉਨ੍ਹਾਂ ਸੂਬਾ ਸਰਕਾਰ ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਕਿਉਂ ਹਿਮਾਚਲ ਵਿੱਚ ਪੈਟਰੋਲ ਸਸਤਾ ਹੈ ਅਤੇ ਪੰਜਾਬ ਵਿੱਚ ਮਹਿੰਗਾ ਇਹ ਸਵਾਲ ਕੈਪਟਨ ਨੂੰ ਵੀ ਪੁੱਛਣਾ ਚਾਹੀਦਾ ਹੈ।