ਪੰਜਾਬ ਸਰਕਾਰ ਦਾ ਵੱਡਾ ਫੈਸਲਾ, ਜੌੜਾ ਫਾਟਕ ਹਾਦਸੇ ਦੇ ਪੀੜਤ 34 ਪਰਿਵਾਰਾਂ ਨੂੰ ਮਿਲੇਗੀ ਸਰਕਾਰੀ ਨੌਕਰੀ

FacebookTwitterWhatsAppCopy Link

ਅੰਮ੍ਰਿਤਸਰ -ਪੰਜਾਬ ਸਰਕਾਰ 19 ਅਕਤੂਬਰ 2019 ਨੂੰ ਦੁਸਹਿਰੇ ਵਾਲੇ ਦਿਨ ਜੌੜਾ ਫਾਟਕ ਰੇਲ ਹਾਦਸੇ ਵਿਚ ਮਾਰੇ ਗਏ ਲੋਕਾਂ ਦੇ ਪਰਿਵਾਰਾਂ ਨੂੰ ਸਰਕਾਰੀ ਨੌਕਰੀ ਦੇਣ ਜਾ ਰਹੀ ਹੈ। ਇਸ ਲਈ ਪੰਜਾਬ ਸਰਕਾਰ ਨੇ ਪੱਤਰ ਜਾਰੀ ਕਰ ਦਿੱਤਾ ਹੈ।

ਇਨ੍ਹਾਂ ਪਰਿਵਾਰਾਂ ਦੇ ਮੈਂਬਰਾਂ ਨੂੰ ਨੌਕਰੀ ਦੇਣ ਲਈ ਪੰਜਾਬ ਸਰਕਾਰ ਨੇ ਪਹਿਲੀ ਮਾਰਚ 2021 ਨੂੰ ਕੈਬਨਿਟ ਮੀਟਿੰਗ ਵਿਚ ਮਤਾ ਪਾਸ ਕਰਕੇ ਇਹ ਫ਼ੈਸਲਾ ਲਿਆ ਸੀ। ਇਸ ਮਤੇ ਅਨੁਸਾਰ ਪੀੜਤ ਪਰਿਵਾਰਾਂ ਦੇ ਇਕ-ਇਕ ਜੀਅ ਨੂੰ ਵੱਖ-ਵੱਖ ਯੋਗਤਾਵਾਂ ਅਨੁਸਾਰ ਨੌਕਰੀ ਦਿੱਤੀ ਜਾਣੀ ਸੀ । ਹੁਣ ਸਰਕਾਰ ਨੇ ਪੱਤਰ ਜਾਰੀ ਕਰ ਕੇ ਇਸ ’ਤੇ ਤੁਰੰਤ ਕਾਰਵਾਈ ਕਰਨ ਲਈ ਨਿਰਦੇਸ਼ ਦਿੱਤੇ ਹਨ।

ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹਾਦਸੇ ਵਿਚ ਮਾਰੇ ਗਏ 34 ਲੋਕਾਂ ਦੇ ਪਰਿਵਾਰਾਂ ਦੇ ਇਕ-ਇਕ ਜੀਅ ਨੂੰ ਨੌਕਰੀ ਦਿੱਤੀ ਜਾਵੇਗੀ।

ਗੌਰਤਲਬ ਹੈ ਕਿ ਇਹ ਹਾਦਸਾ ਦੁਸਹਿਰੇ ਵਾਲੇ ਦਿਨ ਵਾਪਰਿਆ ਸੀ। ਜੌੜਾ ਫਾਟਕ ਨੇੜੇ ਖੇਡ ਮੈਦਾਨ ਵਿੱਚ ਦਸਹਿਰੇ ਦਾ ਪ੍ਰੋਗਰਾਮ ਰੱਖਿਆ ਗਿਆ ਸੀ। ਇਸ ਪ੍ਰੋਗਰਾਮ ਦੇ ਵਿੱਚ ਕਾਂਗਰਸ ਦੇ ਮੌਜੂਦਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਬੀਬੀ ਨਵਜੋਤ ਕੌਰ ਸਿੱਧੂ ਵੀ ਉਦਘਾਟਨ ਕਰਨ ਲਈ ਪਹੁੰਚੇ ਹੋਏ ਸਨ …ਇਸ ਤੋਂ ਬਾਅਦ ਨਵਜੋਤ ਕੌਰ ਸਿੱਧੂ ਨੂੰ ਇਸ ਹਾਦਸੇ ਦਾ ਜਿੰਮੇਵਾਰੀ ਠਹਿਰਾਉਂਦਿਆਂ ਸਿੱਧੂ ਜੋੜੇ ਉੱਤੇ ਅਸਤੀਫ਼ਾ ਦੇਣ ਲਈ ਵੀ ਦਬਾਅ ਬਣਾਇਆ ਗਿਆ ਸੀ।