ਕਾਬੁਲ : ਅਮਰੀਕੀ ਫੌਜ ਦੇ ਅਫਗਾਨਿਸਤਾਨ ਛੱਡਣ ਤੋਂ ਬਾਅਦ ਤਾਲਿਬਾਨ ਨੇ ਕਾਬੁਲ ਹਵਾਈ ਅੱਡੇ ‘ਤੇ ਪੂਰੀ ਤਰ੍ਹਾਂ ਕਬਜ਼ਾ ਕਰ ਲਿਆ ਹੈ ਅਤੇ ਹੁਣ ਉਨ੍ਹਾਂ ਨੇ ਲੋਕਾਂ ਨੂੰ ਹਵਾਈ ਅੱਡੇ’ ਤੇ ਨਾ ਜਾਣ ਦੀ ਸਲਾਹ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਕਾਬੁਲ ਵਿਚ ਹਫੜਾ -ਦਫੜੀ ਦਾ ਮਾਹੌਲ ਹੈ। ਅਫਗਾਨਿਸਤਾਨ ਦੀ ਪੰਜਸ਼ੀਰ ਘਾਟੀ ਨੂੰ ਛੱਡ ਕੇ ਬਾਕੀ ਸਾਰੇ ਸੂਬਿਆਂ ‘ਤੇ ਤਾਲਿਬਾਨ ਦਾ ਕਬਜ਼ਾ ਹੋ ਗਿਆ ਹੈ।
ਦੂਜੇ ਪਾਸੇ, ਤਾਲਿਬਾਨ ਲੜਾਕੂ ਪੰਜਸ਼ੀਰ ਘਾਟੀ ਵਿਚ ਲਗਾਤਾਰ ਘੁਸਪੈਠ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਇਸ ਦੌਰਾਨ ਜਾਣਕਾਰੀ ਮਿਲ ਰਹੀ ਹੈ ਕਿ ਉੱਤਰੀ ਗਠਜੋੜ ਨੇ ਬੀਤੀ ਰਾਤ 350 ਤਾਲਿਬਾਨ ਲੜਾਕਿਆਂ ਨੂੰ ਮਾਰ ਦਿੱਤਾ ਹੈ। ਜਦੋਂ ਕਿ 40 ਲੜਾਕਿਆਂ ਨੂੰ ਬੰਧਕ ਬਣਾ ਲਿਆ ਗਿਆ ਹੈ। ਉੱਤਰੀ ਗੱਠਜੋੜ ਨੇ ਖੁਦ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ।
ਪਿਛਲੀ ਵਾਰ ਵੀ ਤਾਲਿਬਾਨ ਪੰਜਸ਼ੀਰ ਘਾਟੀ ‘ਤੇ ਕਬਜ਼ਾ ਨਹੀਂ ਕਰ ਸਕਿਆ ਸੀ ਅਤੇ ਇਸ ਵਾਰ ਵੀ ਅਜੇ ਤੱਕ ਅਜਿਹਾ ਨਹੀਂ ਕਰ ਸਕਿਆ ਪਰ ਲਗਾਤਾਰ ਘੁਸਪੈਠ ਦੀਆਂ ਕੋਸ਼ਿਸ਼ਾਂ ਕਰ ਰਿਹਾ ਹੈ। ਬੀਤੀ ਰਾਤ ਤਾਲਿਬਾਨ ਲੜਾਕਿਆਂ ਅਤੇ ਉੱਤਰੀ ਗੱਠਜੋੜ ਵਿਚਕਾਰ ਭਿਆਨਕ ਮੁਕਾਬਲਾ ਹੋਇਆ। ਇਸ ਦੌਰਾਨ ਉੱਤਰੀ ਗਠਜੋੜ ਨੇ ਕਈ ਅਮਰੀਕੀ ਵਾਹਨ ਅਤੇ ਹਥਿਆਰ ਬਰਾਮਦ ਕੀਤੇ ਹਨ, ਜੋ ਤਾਲਿਬਾਨ ਲੜਾਕਿਆਂ ਨਾਲ ਮੌਜੂਦ ਸਨ।
ਟੀਵੀ ਪੰਜਾਬ ਬਿਊਰੋ