ਨਵੀਂ ਦਿੱਲੀ : ਕੇਂਦਰ ਸਰਕਾਰ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਹਰਸਿਮਰਤ ਕੌਰ ਬਾਦਲ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਵਿਚਕਾਰ ਸੰਸਦ ਦੇ ਬਾਹਰ ਤਿੱਖੀ ਬਹਿਸ ਹੋਈ। ਜ਼ਿਕਰਯੋਗ ਹੈ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨ ਜਥੇਬੰਦੀਆਂ ਪਿਛਲੇ 8 ਮਹੀਨਿਆਂ ਤੋਂ ਸੰਘਰਸ਼ ਕਰ ਰਹੀਆਂ ਹਨ ਪਰ ਕੇਂਦਰ ਸਰਕਾਰ ਟੱਸ ਤੋਂ ਮੱਸ ਨਹੀਂ ਹੋ ਰਹੀ।
ਹੁਣ ਸਾਰੀਆਂ ਹੀ ਵਿਰੋਧੀ ਧਿਰਾਂ ਕਿਸਾਨਾਂ ਨਾਲ ਹੇਰਵਾ ਜਤਾ ਰਹੀਆਂ ਹਨ। ਵਿਰੋਧੀ ਧਿਰ ਲਗਾਤਾਰ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਿਹਾ ਹੈ। ਇਸ ਸਭ ਦੇ ਵਿਚਕਾਰ ਅੱਜ ਸੰਸਦ ਦੇ ਬਾਹਰ ਅਜੀਬ ਸਥਿਤੀ ਦੇਖਣ ਨੂੰ ਮਿਲੀ। ਸ਼੍ਰੋਮਣੀ ਅਕਾਲੀ ਦਲ ਦੀ ਨੇਤਾ ਅਤੇ ਸਾਬਕਾ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਕਾਂਗਰਸ ਦੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਸੰਸਦ ਦੇ ਬਾਹਰ ਖੇਤੀਬਾੜੀ ਕਾਨੂੰਨ ਨੂੰ ਲੈ ਕੇ ਤਿੱਖੀ ਬਹਿਸ ਕੀਤੀ।
ਕਾਂਗਰਸੀ ਆਗੂ ਨੇ ਅਕਾਲੀ ਦਲ ਦੀ ਕਾਰਗੁਜ਼ਾਰੀ ਨੂੰ ਜਾਅਲੀ ਦੱਸਿਆ ਅਤੇ ਹਰਸਿਮਰਤ ਕੌਰ ‘ਤੇ ਦੋਸ਼ ਲਾਇਆ ਕਿ ਤੁਸੀਂ ਖੇਤੀਬਾੜੀ ਕਾਨੂੰਨ ਬਿੱਲ ਕੈਬਨਿਟ ਵਿਚ ਪਾਸ ਕਰਵਾ ਦਿੱਤਾ ਹੈ। ਇਸ ਦੇ ਨਾਲ ਹੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਅਸੀਂ ਅਜਿਹਾ ਬਿਲਕੁਲ ਨਹੀਂ ਕੀਤਾ ਹੈ। ਮੈਂ ਅਸਤੀਫਾ ਦੇ ਦਿੱਤਾ ਜਦੋਂ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਇਸਦੇ ਵਿਰੁੱਧ ਕੁਝ ਨਹੀਂ ਕੀਤਾ।
ਬਿੱਟੂ ਨੇ ਕਿਹਾ ਕਿ ਉਹ ਹਰ ਰੋਜ਼ ਡਰਾਮਾ ਕਰਦੇ ਹਨ। ਉਸਨੇ ਪਹਿਲਾਂ ਬਿੱਲ ਪਾਸ ਕਰਵਾਇਆ, ਫਿਰ ਘਰ ਜਾਣ ਤੋਂ ਬਾਅਦ ਅਸਤੀਫਾ ਦੇ ਦਿੱਤਾ। ਇਸ ਦੇ ਜਵਾਬ ਵਿਚ ਹਰਸਿਮਰਤ ਕੌਰ ਨੇ ਕਿਹਾ ਕਿ ਉਨ੍ਹਾਂ ਨੂੰ ਪੁੱਛੋ ਕਿ ਬਿੱਲ ਕਦੋਂ ਪਾਸ ਹੋਇਆ, ਰਾਹੁਲ ਗਾਂਧੀ ਕਿੱਥੇ ਸਨ, ਸੋਨੀਆ ਗਾਂਧੀ ਕਿੱਥੇ ਸਨ। ਹਰਸਿਮਰਤ ਕੌਰ ਨੇ ਸਪੱਸ਼ਟ ਕਿਹਾ ਕਿ ਕਾਂਗਰਸ ਨੇ ਵਾਕਆਟ ਕਰਕੇ ਕਿਸਾਨ ਵਿਰੁੱਧ ਬਿੱਲ ਪਾਸ ਕਰਨ ਵਿਚ ਸਰਕਾਰ ਦੀ ਮਦਦ ਕੀਤੀ ਹੈ।
ਬਿੱਟੂ ਨੇ ਕਿਹਾ ਕਿ ਅਕਾਲੀ ਦਲ ਦਾ ਪ੍ਰਧਾਨ 5 ਦਿਨਾਂ ਤੋਂ ਲਾਪਤਾ ਹੈ। ਉਹ ਸੰਸਦ ਵਿਚ ਨਹੀਂ ਹੈ। ਜਦੋਂ ਕਿ ਹਰਸਿਮਰਤ ਕੌਰ ਨੇ ਬਿੱਟੂ ‘ਤੇ ਲਗਾਤਾਰ ਝੂਠ ਬੋਲਣ ਦਾ ਦੋਸ਼ ਲਗਾਇਆ ਅਤੇ ਕਿਹਾ ਕਿ ਬਿੱਲ ਪਾਸ ਹੋਣ ਵੇਲੇ ਤੁਸੀਂ ਕਿੱਥੇ ਸੀ। ਉਨ੍ਹਾਂ ਪੰਜਾਬ ਦੀ ਕਾਂਗਰਸ ਸਰਕਾਰ ਨੂੰ ਕਿਸਾਨ ਵਿਰੋਧੀ ਦੱਸਿਆ ਪਰ ਬਿੱਟੂ ਸਪੱਸ਼ਟ ਕਹਿੰਦੇ ਰਹੇ ਕਿ ਪਹਿਲਾਂ ਇਹ ਲੋਕ ਸੰਸਦ ਵਿਚ ਬਿੱਲ ਪਾਸ ਕਰਵਾਉਂਦੇ ਸਨ ਅਤੇ ਹੁਣ ਇਹ ਡਰਾਮਾ ਕਰ ਰਹੇ ਹਨ।
ਟੀਵੀ ਪੰਜਾਬ ਬਿਊਰੋ