ਆਮ ਆਦਮੀ ਪਾਰਟੀ ਪੰਜਾਬ ਟਰੇਡ ਸੈੱਲ ਦੇ ਜਨਰਲ ਸਕੱਤਰ ਅਤੇ ਹਲਕਾ ਉੱਤਰੀ ਅੰਮ੍ਰਿਤਸਰ ਤੋਂ ਆਮ ਆਦਮੀ ਪਾਰਟੀ ਦੇ ਪਿਛਲੀ ਵਾਰ ਅਨਿਲ ਜੋਸ਼ੀ ਦੇ ਸਾਹਮਣੇ ਐੱਮ ਐੱਲ ਏ ਦੀ ਚੋਣ ਲੜ ਚੁੱਕੇ ਮਨੀਸ਼ ਅਗਰਵਾਲ ਨੇ ਭਾਜਪਾ ਵੱਲੋਂ ਅਨਿਲ ਜੋਸ਼ੀ ਨੂੰ ਪਾਰਟੀ ਚੋਂ ਛੇ ਸਾਲਾਂ ਲਈ ਬਰਖਾਸਤ ਕਰਨ ਦੀ ਗੱਲ ਨੂੰ ਗ਼ੈਰ ਲੋਕਤੰਤਰਿਕ ਕਰਾਰ ਦਿੰਦੇ ਹੋਏ ਕਿਹਾ ਹੈ ਕਿ ਇਹ ਪਾਰਟੀ ਵੱਲੋਂ ਆਪਣੇ ਕਾਰਜਕਰਤਾ ਨਾਲ ਕੀਤਾ ਗਿਆ ਧੱਕਾ ਹੈ। ਉਨ੍ਹਾਂ ਕਿਹਾ ਕਿ ਮਹਿਜ਼ ਦੋ ਦਿਨਾਂ ਦੇ ਨੋਟਿਸ ਤੋਂ ਬਾਅਦ ਉਨ੍ਹਾਂ ਨੂੰ ਪਾਰਟੀ ਤੋਂ ਛੇ ਸਾਲਾਂ ਵਾਸਤੇ ਕੱਢ ਦੇਣਾ ਇਹ ਬਹੁਤ ਹੀ ਮੰਦਭਾਗਾ ਹੈ। ਵਿਰੋਧੀ ਪਾਰਟੀ ਦੇ ਹੋਣ ਦੇ ਬਾਵਜੂਦ ਵੀ ਉਨ੍ਹਾਂ ਨੇ ਅਨਿਲ ਜੋਸ਼ੀ ਦੇ ਹਲਕੇ ਵਿੱਚ ਕਰਵਾਏ ਗਏ ਕੰਮਾਂ ਦੀ ਸ਼ਲਾਘਾ ਕੀਤੀ।
ਉਨ੍ਹਾਂ ਨੇ ਕਿਹਾ ਕਿ ਪਾਰਟੀ ਨੇ ਜਾਣ ਬੁੱਝ ਕੇ ਉਨ੍ਹਾਂ ਨੂੰ ਛੇ ਸਾਲਾਂ ਵਾਸਤੇ ਬਾਹਰ ਕੱਢਿਆ ਹੈ। ਇਹਨਾਂ ਨੇ ਛੇ ਸਾਲਾਂ ਵਾਸਤੇ ਨਹੀਂ ਬਲਕਿ ਦਸ ਸਾਲਾ ਵਾਸਤੇ ਬਾਹਰ ਕੱਢਣ ਦੀ ਯੋਜਨਾ ਬਣਾਈ ਹੈ ਤਾਂ ਕਿ ਜੋਸ਼ੀ ਦੀ ਰਾਜਨੀਤਕ ਹੋਂਦ ਖਤਮ ਹੋ ਜਾਵੇ। ਉਨ੍ਹਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਉਹ ਬੀਜੇਪੀ ਦੇ ਇਸ ਫ਼ੈਸਲੇ ਦੀ ਸਖ਼ਤ ਨਿਖੇਧੀ ਕਰਦੇ ਹਨ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਆਮ ਆਦਮੀ ਪਾਰਟੀ ਦੇ ਵਿਚ ਸਾਬਕਾ ਆਈ ਜੀ ਕੁੰਵਰ ਵਿਜੇ ਪ੍ਰਤਾਪ ਸਿੰਘ ਸ਼ਾਮਲ ਹੋਏ ਸਨ , ਉਸ ਵੇਲੇ ਤੋਂ ਹੀ ਅਨਿਲ ਜੋਸ਼ੀ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦੀਆਂ ਗੱਲਾਂ ਕਹੀਆਂ ਜਾ ਰਹੀਆਂ ਸਨ, ਹਾਲਾਂਕਿ ਅਨਿਲ ਜੋਸ਼ੀ ਨੂੰ ਪੁੱਛਣ ਤੇ ਉਨ੍ਹਾਂ ਨੇ ਸਿਰੇ ਤੋਂ ਇਨ੍ਹਾਂ ਗੱਲਾਂ ਨੂੰ ਨਕਾਰ ਦਿੱਤਾ ਸੀ ਪਰ ਅੱਜ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਵੱਲੋਂ ਜੋਸ਼ੀ ਨੂੰ ਪਾਰਟੀ ਵਿੱਚੋਂ ਕੱਢੇ ਜਾਣ ਦੀ ਗੱਲ ਨੂੰ ਮੰਦਭਾਗਾ ਕਹਿਣਾ ਵਿਚਾਰਨਯੋਗ ਹੈ।