ਟੀਵੀ ਪੰਜਾਬ ਬਿਊਰੋ- ਸੋਸ਼ਲ ਮੀਡੀਆਂ ’ਤੇ ਕੋਈ ਵੀ ਬੱਚਿਆਂ ਨਾਲ ਜੁੜੀ ਪੌਰਨ ਵੀਡੀਓ , ਫੇਕ ਵੀਡੀਓ ਜਾਂ ਕੋਈ ਵੀ ਹੋਰ ਇਤਰਾਜ਼ਯੋਗ ਪੋਸਟ ਦੇ ਅਦਾਨ-ਪ੍ਰਦਾਨ ਨੂੰ ਲੈ ਕੇ ਜਿਥੇ ਦੇਸ਼ ਦੇ ਗ੍ਰਹਿ ਮੰਤਰਾਲੇ ਵੱਲੋਂ ਸਖ਼ਤੀ ਕੀਤੀ ਜਾ ਰਹੀ ਹੈ। ਉਥੇ ਹੀ ਨੈਸ਼ਨਲ ਸੈਂਟਰ ਆਫ਼ ਮਿਸਿੰਗ ਐਂਡ ਐਕਸਪੋਲਾਇਟਿਡ ਚਿਲਡਰਨ ਨਾਮਕ ਸੰਸਥਾ ਵੱਲੋਂ ਬੱਚਿਆਂ ਨਾਲ ਸਬੰਧਤ ਪੋਰਨਗ੍ਰਾਫੀ ਨੂੰ ਵੇਖਣ, ਅਪਲੋਡ/ਡਾਊਨਲੋਡ ਕਰਨ ਜਾਂ ਅੱਗੇ ਭੇਜਣ ਵਾਲੇ ਵਿਅਕਤੀਆਂ ਵਿਰੁੱਧ ਮੁਹਿੰਮ ਨੂੰ ਹੋਰ ਤੇਜ਼ ਕਰ ਦਿੱਤਾ ਹੈ। ਇਸੇ ਤਹਿਤ ਹੀ ਕਮਿਸ਼ਨ ਦੇ ਦਖ਼ਲ ਤੋਂ ਬਾਅਦ ਮਲੋਟ ਅਤੇ ਲੰਬੀ ਪੁਲਸ ਨੇ ਇਨ੍ਹਾਂ ਦੋਸ਼ਾਂ ਦੇ ਤਹਿਤ 15 ਵਿਅਕਤੀਆਂ ਵਿਰੁੱਧ ਆਈ. ਟੀ. ਨਾਲ ਸਬੰਧਤ ਵੱਖ-ਵੱਖ ਧਾਰਾਵਾਂ ਤਹਿਤ ਮੁਕਦਮੇ ਦਰਜ ਕੀਤੇ ਗਏ ਹਨ।
ਜਾਣਕਾਰੀ ਅਨੁਸਾਰ ਗੁੰਮਸ਼ੁਦਾ ਅਤੇ ਸ਼ੋਸ਼ਣ ਦਾ ਸ਼ਿਕਾਰ ਬੱਚਿਆ ਦੇ ਹਿੱਤਾਂ ਲਈ ਬਣੇ ਰਾਸ਼ਟਰੀ ਕਮਿਸ਼ਨ ਨਾਮਕ ਐੱਨ. ਜੀ. ਓ. ਦੀਆਂ ਕੋਸ਼ਿਸ਼ਾਂ ’ਤੇ ਭਾਰਤ ਸਰਕਾਰ ਗ੍ਰਹਿ ਮੰਤਰਾਲੇ ਦੇ ਹੁਕਮਾਂ ’ਤੇ ਏ. ਆਈ. ਜੀ. ਸਾਇਬਰ ਸੈੱਲ ਮੋਹਾਲੀ ਦੀ ਸਿਫ਼ਾਰਿਸ਼ ’ਤੇ ਬੱਚਿਆਂ ਦੀ ਪੋਰਨਗ੍ਰਾਫ਼ੀ ਨੂੰ ਵੇਖਣ, ਅਪਲੋਡ/ਡਾਊਨਲੋਡ ਜਾਂ ਅੱਗੇ ਭੇਜਣ ਦੇ ਕਥਿਤ ਦੋਸ਼ਾਂ ਤਹਿਤ ਮਲੋਟ ਸਿਟੀ ਪੁਲਸ ਨੇ ਅਰੁਣ ਕੁਮਾਰ ਛਾਬੜਾ ਪੁੱਤਰ ਪ੍ਰਦੀਪ ਕੁਮਾਰ ਗਲੀ ਨੰਬਰ 14 ਸਰਾਭਾ ਨਗਰ ਮਲੋਟ ,ਮਨਦੀਪ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਖਾਲੇ ਵਾਲੀ ਗਲੀ ਵਾਰਡ ਨੰਬਰ 18 ਮਲੋਟ, ਸੁਨੀਲ ਸ਼ਕਤੀ , ਜੈਲਦਾਰ ਸਾਹਿਬ , ਰੂਬਲ ਕੁਮਾਰ ਅਤੇ ਰਹੇਸ਼ੀ ਕੁਮਾਰ ਵਿਰੁਧ ਆਈ ਟੀ ਐਕਟ ਤਹਿਤ ਮੁਕਦਮੇਂ ਦਰਜ ਕੀਤੇ ਗਏ ਹਨ।
ਇਸੇ ਤਰ੍ਹਾਂ ਲੰਬੀ ਪੁਲਸ ਵੱਲੋਂ ਗੁਰਦਿੱਤਾ ਸਿੰਘ ਵਾਸੀ ਲੰਬੀ, ਆਲਮਦੀਪ ਸਿੰਘ ਸਹੋਤਾ ਵਾਸੀ ਕਿੱਲਿਆਵਲੀ, ਬਲਵੀਰ ਸਿੰਘ ਪੁੱਤਰ ਗੁਰਦੇਵ ਸਿੰਘ ਵਾਸੀ ਅਰਨੀਵਾਲਾ ਵਜੀਰਾ, ਜਗਤਾਰ ਸਿੰਘ ਪੁੱਤਰ ਹਰਜਿੰਦਰ ਸਿੰਘ ਵਾਸੀ ਸਿੱਖਵਾਲਾ, ਰੋਮੀ ਬਰਾੜ, ਕਮਲ ਵਾਸੀ ਕਿੱਲਿਆਵਾਲੀ, ਰੋਮੀ ਵਾਸੀ ਲੰਬੀ, ਭੀਮ ਸੈਣ ਵਾਸੀ ਭਾਗੂ ਅਤੇ ਦੀਪ ਬਾਠ ਵਾਸੀ ਲੰਬੀ ਵਿਰੁੱਧ ਆਈ ਟੀ ਐਕਟ ਤਹਿਤ ਮੁਕਦਮੇਂ ਦਰਜ ਕੀਤੇ ਗਏ ਹਨ।
ਗੌਰਤਲਬ ਹੈ ਕਿ ਪਾਕਿਸਤਾਨ, ਅਫ਼ਗਾਨਿਸਤਾਨ ਸਮੇਤ ਮੁਸਲਿਮ ਦੇਸ਼ਾਂ ਦੀਆਂ ਸਾਈਟਾਂ ’ਤੇ ਬੱਚਿਆਂ ਦੀਆਂ ਪੋਰਨ ਵੀਡੀਓ ਨੂੰ ਭਾਰਤ ਵਿਚ ਬੈਨ ਕੀਤਾ ਜਾ ਚੁੱਕਾ ਹੈ ਪਰ ਕਈ ਲੋਕ ਜਾਣੇ ਅਣਜਾਣੇ ਅਜਿਹੀਆਂ ਸਾਈਟਾਂ ’ਤੇ ਜਾ ਕੇ ਇਹ ਵੀਡੀਓ ਵੇਖਦੇ ਹਨ। ਲੰਬੀ ਥਾਣਾ ਦੇ ਮੁੱਖ ਅਫ਼ਸਰ ਚੰਦਰ ਸ਼ੇਖਰ ਨੇ ਦੱਸਿਆ ਕਿ ਇਨ੍ਹਾਂ ਸਾਈਟਾਂ ’ਤੇ ਜਾਣ ਵਾਲੇ ਵਿਅਕਤੀ ਖ਼ੁਦ ਹੀ ਬੱਚਿਆਂ ਦੇ ਹਿੱਤਾਂ ਲਈ ਬਣੀਆਂ ਐੱਨ. ਜੀ. ਓਜ਼. ਅਤੇ ਡਾਟਾ ਕੰਪਨੀਆਂ ਦੇ ਕੰਨਟੈਂਟ ਵਿਊਅਰਜ਼ ਦੇ ਨਜ਼ਰਾਂ ਵਿਚ ਆਉਂਦੇ ਹਨ ਜਿਨ੍ਹਾਂ ਉਪਰ ਸਖਤ ਕਾਰਵਾਈ ਕੀਤੀ ਜਾਣੀ ਬਣਦੀ ਹੈ। ਇਸ ਲਈ ਸਮੂਹ ਵਿਅਕਤੀ ਅਤੇ ਨੌਜਵਾਨ ਇਨ੍ਹਾਂ ਸਾਈਟਾਂ ਜਾਂ ਇਤਰਾਜ਼ਯੋਗ ਸਮੱਗਰੀ ਵੇਖਣ ਜਾਂ ਅਪਲੋਡ ਕਰਨ ਤੋਂ ਸਾਵਧਾਨ ਹੋ ਜਾਣ।