ਦੁਬਈ -ਦੂਜੇ ਵਨ ਡੇ ਮੈਚ ਵਿਚ ਭਾਰਤ ਹੱਥੋਂ ਹਾਰ ਤੋਂ ਬਾਅਦ ਸ੍ਰੀਲੰਕਾ ਨੂੰ ਇੱਕ ਹੋਰ ਵੱਡਾ ਝਟਕਾ ਲੱਗਾ ਹੈ। ਮੰਗਲਵਾਰ ਨੂੰ ਕੋਲੰਬੋ ਵਿਚ ਦੂਜੇ ਵਨਡੇ ਮੈਚ ਦੌਰਾਨ ਹੌਲੀ ਓਵਰ ਰੇਟ ਕਾਰਨ ਸ਼੍ਰੀਲੰਕਾਈ ਟੀਮ ’ਤੇ 20 ਫ਼ੀਸਦੀ ਮੈਚ ਫ਼ੀਸ ਦਾ ਜੁਰਮਾਨਾ ਲਗਾਇਆ ਗਿਆ ਹੈ। ਇਸ ਦੇ ਨਾਲ ਨਾਲ ਸ੍ਰੀ ਲੰਕਾ ਟੀਮ ਦਾ ਆਈ.ਸੀ.ਸੀ. ਵਿਸ਼ਵ ਕੱਪ ਸੁਪਰ ਲੀਗ ਸੂਚੀ ਵਿਚ ਇਕ ਅੰਕ ਵੀ ਕੱਟਿਆ ਗਿਆ ਹੈ। ਨਿਰਧਾਰਤ ਸਮੇਂ ਨੂੰ ਧਿਆਨ ਵਿਚ ਰੱਖਣ ਦੇ ਬਾਅਦ ਇਹ ਦੇਖਿਆ ਗਿਆ ਕਿ ਭਾਰਤ ਦੀ ਪਾਰੀ ਦੌਰਾਨ ਦਾਸੁਨ ਸ਼ਨਾਕਾ ਦੀ ਅਗਵਾਈ ਵਾਲੀ ਸ਼੍ਰੀਲੰਕਾਈ ਟੀਮ ਨੇ ਨਿਰਧਾਰਤ ਸਮੇਂ ਵਿਚ ਇਕ ਓਵਰ ਘੱਟ ਸੁੱਟਿਆ, ਜਿਸ ਤੋਂ ਬਾਅਦ ਆਈ.ਸੀ.ਸੀ. ਮੈਚ ਰੈਫਰੀ ਰੰਜਨ ਮਦੁਗਲੇ ਨੇ ਟੀਮ ਨੂੰ ਜੁਰਮਾਨਾ ਲਗਾ ਦਿੱਤਾ।
ਜ਼ਾਬਤੇ ਮੁਤਾਬਕ ਖਿਡਾਰੀਆਂ ’ਤੇ ਉਨ੍ਹਾਂ ਦੀ ਮੈਚ ਫ਼ੀਸ ਦਾ 20 ਫ਼ੀਸਦੀ ਜੁਰਮਾਨਾ ਉਦੋਂ ਲਗਾਇਆ ਜਾਂਦਾ ਹੈ, ਜਦੋਂ ਉਨ੍ਹਾਂ ਦੀ ਟੀਮ ਨਿਰਧਾਰਤ ਸਮੇਂ ਵਿਚ ਪੂਰੇ ਓਵਰ ਸੁੱਟਣ ਵਿਚ ਅਸਫ਼ਲ ਰਹਿੰਦੀ ਹੈ। ਆਈ.ਸੀ.ਸੀ. ਪੁਰਸ਼ ਵਿਸ਼ਵ ਕੱਪ ਸੁਪਰ ਲੀਗ ਦੀਆਂ ਮੱਲਾਂ ਮੁਤਾਬਕ ਇਕ ਅੰਕ ਵੀ ਕੱਟਿਆ ਜਾਂਦਾ ਹੈ। ਇਸ ਮਾਮਲੇ ਵਿਚ ਕਿਉਂਕਿ ਸ਼੍ਰੀਲੰਕਾਈ ਟੀਮ ਦੇ ਕਪਤਾਨ ਦਾਸੁਨ ਸ਼ਨਾਕਾ ਨੇ ਹੌਲੀ ਓਵਰ ਰੇਟ ਦੀ ਗੱਲ ਅਤੇ ਜੁਰਮਾਨਾ ਸਵੀਕਾਰ ਕਰ ਲਿਆ ਹੈ।
ਗੌਰਤਲਬ ਹੈ ਕਿ ਸ਼੍ਰੀਲੰਕਾਈ ਟੀਮ ਮੰਗਲਵਾਰ ਨੂੰ ਦੂਜੇ ਰੋਮਾਂਚਕ ਵਨਡੇ ਮੁਕਾਬਲੇ ਵਿਚ ਭਾਰਤ ਤੋਂ 3 ਵਿਕਟਾਂ ਨਾਲ ਹਾਰ ਗਈ ਸੀ। ਹੁਣ ਸ਼ੁੱਕਰਵਾਰ ਨੂੰ ਉਹ ਭਾਰਤ ਖ਼ਿਲਾਫ਼ ਆਖ਼ਰੀ ਵਨਡੇ ਮੈਚ ਖੇਡੇਗੀ। ਭਾਰਤ ਨੇ ਇਸ ਸੀਰੀਜ਼ ਵਿਚ 2-0 ਦੀ ਲੀਡ ਹਾਸਲ ਕਰ ਲਈ ਹੈ।