ਕਾਬੁਲ : ਅਫਗਾਨਿਸਤਾਨ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਦਹਿਸ਼ਤ ਦਾ ਮਾਹੌਲ ਹੈ। ਇਸ ਦੌਰਾਨ ਬੁੱਧਵਾਰ ਨੂੰ ਜਲਾਲਾਬਾਦ ਵਿਚ ਤਾਲਿਬਾਨ ਵਿਰੋਧੀ ਪ੍ਰਦਰਸ਼ਨ ਹੋਏ। ਉਨ੍ਹਾਂ ਨੂੰ ਖਿੰਡਾਉਣ ਲਈ ਤਾਲਿਬਾਨ ਨੇ ਖੁੱਲ੍ਹੀ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੁੱਝ ਸਮੇਂ ਦੇ ਅੰਦਰ ਹੀ ਅਫਗਾਨ ਲੋਕ ਵਿਰੋਧ ਸਥਾਨ ਤੋਂ ਗਾਇਬ ਹੋ ਗਏ।
ਦਰਅਸਲ ਅਫਗਾਨ ਲੋਕ ਉਥੇ ਅਫਗਾਨੀ ਝੰਡੇ ਨਾਲ ਪ੍ਰਦਰਸ਼ਨ ਕਰ ਰਹੇ ਸਨ ਅਤੇ ਤਾਲਿਬਾਨੀਆਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀ ਤਾਲਿਬਾਨ ਅਤਿਵਾਦੀਆਂ ਨੇ ਪ੍ਰਦਰਸ਼ਨਕਾਰੀਆਂ ਦੀ ਖ਼ਬਰ ਕਵਰ ਕਰਨ ਵਾਲੇ ਮੀਡੀਆ ਕਰਮੀਆਂ ਨੂੰ ਵੀ ਕੁੱਟਿਆ। ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ ਸਾਂਝੇ ਕੀਤੇ ਗਏ ਇਕ ਵੀਡੀਓ ਵਿਚ, ਸੈਂਕੜੇ ਲੋਕਾਂ ਨੂੰ ਅਫਗਾਨ ਝੰਡੇ ਨਾਲ ਮਾਰਚ ਕਰਦੇ ਵੇਖਿਆ ਜਾ ਸਕਦਾ ਹੈ।
ਤੁਹਾਨੂੰ ਦੱਸ ਦੇਈਏ ਕਿ ਤਾਲਿਬਾਨ ਨੇ ਅਫਗਾਨਿਸਤਾਨ ਦਾ ਨਾਂਅ ਵੀ ਬਦਲ ਦਿੱਤਾ ਹੈ। ਜਿਸ ਤੋਂ ਬਾਅਦ ਅਫਗਾਨਿਸਤਾਨ ਦਾ ਨਾਂਅ ਇਸਲਾਮਿਕ ਅਮੀਰਾਤ ਬਣ ਗਿਆ। ਇਸ ਦੇ ਨਾਲ ਹੀ ਤਾਲਿਬਾਨ ਆਪਣੇ ਆਪ ਨੂੰ ਪਿਛਲੇ ਤਾਲਿਬਾਨ ਨਾਲੋਂ ਵੱਖਰਾ ਕਰ ਰਿਹਾ ਹੈ। ਨਵੇਂ ਅਫਗਾਨਿਸਤਾਨ ਨੂੰ ਸ਼ਰੀਆ ਕਾਨੂੰਨ ਦੇ ਅਧੀਨ ਚਲਾਇਆ ਜਾਣਾ ਚਾਹੀਦਾ ਹੈ।
ਮਹੱਤਵਪੂਰਨ ਗੱਲ ਇਹ ਹੈ ਕਿ ਕਾਬੁਲ ਵਿਚ ਤਾਲਿਬਾਨ ਦੇ ਦਾਖਲ ਹੋਣ ਦੇ ਨਾਲ ਹੀ ਅਫਗਾਨ ਰਾਸ਼ਟਰਪਤੀ ਅਸ਼ਰਫ ਗਨੀ ਨਕਦੀ ਲੈ ਕੇ ਭੱਜ ਗਏ। ਇਸ ਦੇ ਨਾਲ ਹੀ, ਹਰ ਦੇਸ਼ ਆਪਣੇ ਲੋਕਾਂ ਨੂੰ ਉੱਥੋਂ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਭਾਰਤ ਆਪਣੇ ਲੋਕਾਂ ਨੂੰ ਕੱਢਣ ਲਈ ਐਮਰਜੈਂਸੀ ਆਪਰੇਸ਼ਨ ਵੀ ਚਲਾ ਰਿਹਾ ਹੈ।
ਟੀਵੀ ਪੰਜਾਬ ਬਿਊਰੋ