ਚੰਡੀਗੜ੍ਹ : ‘ਇਨਸਾਇਕਲੋਪੀਡੀਆ ਆਫ਼ ਪੰਜਾਬੀ ਕਲਚਰ ਅਤੇ ਹਿਸਟਰੀ’, ‘ਗੁੰਮਨਾਮ ਸਿਪਾਹੀ’, ‘ਮਹਾਨਗਰ’ ਅਤੇ ‘ਲਵ ਡਾਇਲਾਗ’ (ਹੀਰ-ਵਾਰਿਸ ’ਚੋਂ) ਵਰਗੀਆਂ ਚਰਚਿਤ ਪੁਸਤਕਾਂ ਦੇ ਲੇਖਕ ਐੱਸ. ਬਲਵੰਤ ਸਦੀਵੀ ਵਿਛੋੜਾ ਦੇ ਗਏ ਹਨ। ਉਨ੍ਹਾਂ ਦਾ ਜਨਮ 10 ਫਰਵਰੀ 1946 ਨੂੰ ਜਲੰਧਰ ਨੇੜੇ ਪਿੰਡ ਚਿੱਟੀ ਵਿਖੇ ਹੋਇਆ ਸੀ।
ਉਹ ਬਹੁ-ਪੱਖੀ ਪ੍ਰਤਿਭਾ ਦੇ ਮਾਲਕ ਸਨ। ਉਨ੍ਹਾਂ ‘ਅੰਗਰੇਜ਼ੀ-ਪੰਜਾਬੀ (ਰੋਮਨ ਅਤੇ ਗੁਰਮੁਖੀ ਸਕਰਿਪਟ) ਡਿਕਸ਼ਨਰੀ’(1999) ਵਿਚ ਸ਼੍ਰੀ ਜਸਬੀਰ ਅਟਵਾਲ ਨਾਲ ਮਿਲ ਕੇ ਤਿਆਰ ਕੀਤੀ ਸੀ। ਉਹ ਇੰਗਲੈਂਡ ਵਿਚ ਸੈਂਟਰ ਫ਼ਾਰ ਪੰਜਾਬ ਅਤੇ ਫ਼ੈਡਰੇਸ਼ਨ ਆਫ਼ ਇੰਡੀਅਨ ਪਬਲਿਸ਼ਰਜ਼ ਦੇ ਪ੍ਰਧਾਨ ਵੀ ਰਹੇ। ਉਨ੍ਹਾਂ ਦੇ ਸਦੀਵੀ ਵਿਛੋੜੇ ਨਾਲ ਸਾਹਿਤ ਜਗਤ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।
ਪ੍ਰਸਿਧ ਨਾਵਲਕਾਰ ਮੇਘ ਰਾਜ ਗੋਇਲ ਵੀ ਸਦੀਵੀ ਵਿਛੋੜਾ ਦੇ ਗਏ ਹਨ। ਉਹ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਜੀਵਨ ਮੈਂਬਰ ਅਤੇ ਮਾਲਵਾ ਲਿਖਾਰੀ ਸਭਾ ਬਰਨਾਲਾ ਦੇ ਮੀਤ ਪ੍ਰਧਾਨ ਸਨ। ਉਨ੍ਹਾਂ ਨੇ ‘ਕੱਚੇ ਕੋਠੇ ਵਾਲੀ’, ‘ਕਰਤਾਰ’ ਅਤੇ ‘ਅਰਮਾਨ’ ਤਿੰਨ ਨਾਵਲ, ਦੋ ਕਾਵਿ ਸੰਗ੍ਰਹਿ ‘ਵਲਵਲੇ’ ਅਤੇ ‘ਦਿਲ ਦਾ ਦਰਪਣ’ ਅਤੇ ਕਹਾਣੀ ਸੰਗ੍ਰਹਿ ‘ਸੱਚ ਦਾ ਪਰਾਗਾ’ ਸਾਹਿਤ ਜਗਤ ਦੀ ਝੋਲੀ ਪਾਇਆ।
ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.) ਦੇ ਪ੍ਰਧਾਨ ਦਰਸ਼ਨ ਬੁੱਟਰ ਅਤੇ ਜਨਰਲ ਸਕੱਤਰ ਡਾ. ਸੁਖਦੇਵ ਸਿੰਘ ਸਿਰਸਾ ਨੇ ਸ੍ਰੀ ਐੱਸ. ਬਲਵੰਤ ਅਤੇ ਸ੍ਰੀ ਮੇਘ ਰਾਜ ਗੋਇਲ ਦੇ ਸਦੀਵੀ ਵਿਛੋੜੇ ਉਤੇ ਉਨ੍ਹਾਂ ਦੇ ਪਰਿਵਾਰ ਅਤੇ ਸਨੇਹੀਆਂ ਨਾਲ ਹਾਰਦਿਕ ਸੰਵੇਦਨਾ ਸਾਂਝੀ ਕੀਤੀ ਹੈ।
ਟੀਵੀ ਪੰਜਾਬ ਬਿਊਰੋ