ਚੰਡੀਗੜ੍ਹ : ਧਨਾਸ ਸਥਿਤ ਝੀਲ ਦੇ ਨੇੜੇ ਸਵੇਰੇ ਹਨੇਰੇ ਵਿਚ ਬੇਕਾਬੂ ਟਿੱਪਰ ਚਾਲਕ ਨੇ ਆਟੋ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ਵਿਚ ਸੈਕਟਰ-26 ਗ੍ਰੇਨ ਮਾਰਕੀਟ ਜਾ ਰਹੇ ਆਟੋ ਚਾਲਕ ਸਣੇ ਸਵਾਰ ਛੇ ਲੋਕ ਗੰਭੀਰ ਜ਼ਖ਼ਮੀ ਹੋ ਗਏ। ਸੂਚਨਾ ਮਿਲਣ ‘ਤੇ ਪੁੱਜੀ ਪੀਸੀਆਰ ਨੇ ਸਾਰੇ ਜ਼ਖ਼ਮੀਆਂ ਨੂੰ ਜੀਐੱਮਐੱਸਐੱਚ-16 ਵਿਚ ਦਾਖ਼ਲ ਕਰਵਾਇਆ। ਇੱਥੇ ਹੀ ਗੰਭੀਰ ਜਖਮੀ ਹੋਏ ਦਾਦੀ-ਪੋਤੇ ਦੀ ਮੌਤ ਹੋ ਗਈ।
ਦੂਜੇ ਪਾਸੇ ਟਿੱਪਰ ਚਾਲਕ ਮੁਲਜ਼ਮ ਵਾਹਨ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਿਆ। ਮਿ੍ਤਕਾ ਦੀ ਪਛਾਣ ਧਨਾਸ ਦੀ ਰਹਿਣ ਵਾਲੀ 70 ਸਾਲਾ ਭਗਵਤੀ ਅਤੇ 14 ਸਾਲਾ ਚੰਚਲ (ਪੋਤਾ) ਦੇ ਤੌਰ ‘ਤੇ ਹੋਈ ਹੈ। ਜ਼ਖ਼ਮੀਆਂ ਦੀ ਪਛਾਣ ਧਨਾਸ ਦੇ ਰਹਿਣ ਵਾਲੇ ਆਟੋ ਚਾਲਕ 45 ਸਾਲਾ ਰਾਮ ਕੁਮਾਰ, ਸੰਜੂ (34), ਵਿਨੋਦ (48) ਤੇ ਰਾਹੁਲ (16) ਦੇ ਰੂਪ ਵਿਚ ਹੋਈ ਹੈ।
ਜਾਣਕਾਰੀ ਮੁਤਾਬਕ ਇਹ ਆਟੋ ਜਦੋਂ ਧਨਾਸ ਝੀਲ ਦੇ ਨੇੜੇ ਪੁੱਜਿਆ ਤਾਂ ਅਚਾਨਕ ਬੇਕਾਬੂ ਟਿੱਪਰ ਚਾਲਕ ਨੇ ਸਾਈਡ ਤੋਂ ਟੱਕਰ ਮਾਰ ਦਿੱਤੀ। ਹਾਦਸੇ ਵਿਚ ਆਟੋ ਪਲਟ ਗਿਆ ਤੇ ਸਾਰੀਆਂ ਸਵਾਰੀਆਂ ਜ਼ਖ਼ਮੀ ਹੋ ਗਈਆਂ। ਧਨਾਸ ਵਿਚ ਰਹਿਣ ਵਾਲੇ ਸਾਰੇ ਆਟੋ ਸਵਾਰ ਸਬਜ਼ੀ ਵੇਚਣ ਦਾ ਕੰਮ ਕਰਦੇ ਹਨ। ਮਿ੍ਤਕਾ ਵੀ ਮਾਰਕੀਟ ਵਿਚ ਸਬਜ਼ੀ ਲੈ ਕੇ ਧਨਾਸ ਵਿਚ ਵੇਚਦੀ ਸੀ। ਮਾਮਲੇ ਵਿਚ ਪੁਲਿਸ ਨੇ ਜ਼ਖ਼ਮੀ ਸੰਜੂ ਦੇ ਬਿਆਨ ‘ਤੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਟੀਵੀ ਪੰਜਾਬ ਬਿਊਰੋ