ਨੰਗਲ : ਪਿੰਡ ਬਰਮਲਾ ’ਚ ਸਤਲੁਜ ਦਰਿਆ ਵਿਚ ਨਹਾਉਣ ਗਏ ਤਿੰਨ ਮੁੰਡੇ ਪਾਣੀ ਦੇ ਤੇਜ਼ ਵਹਾਅ ’ਚ ਵਹਿ ਗਏ। ਇਨ੍ਹਾਂ ਤਿੰਨੋਂ ਮੁੰਡਿਆਂ ’ਚੋਂ ਇਕ ਨੂੰ ਡੁੱਬਣ ਤੋਂ ਬਚਾ ਲਿਆ ਗਿਆ ਜਦਕਿ ਦੋ ਮੁੰਡੇ ਅਜੇ ਤੱਕ ਲਾਪਤਾ ਹਨ। ਇਹ ਘਟਨਾ ਕੱਲ੍ਹ ਸ਼ਾਮ ਦੀ ਦੱਸੀ ਜਾ ਰਹੀ ਹੈ। ਕੱਲ੍ਹ ਸ਼ਾਮ ਤੋਂ ਇਨ੍ਹਾਂ ਬੱਚਿਆਂ ਦੇ ਪਰਿਵਾਰ ਵਾਲੇ ਉਨ੍ਹਾਂ ਦੀ ਭਾਲ ਕਰ ਰਹੇ ਸਨ।
ਬਚਾਏ ਗਏ ਮੁੰਡੇ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਹ ਤਿੰਨੋਂ ਸਤਲੁਜ ਦਰਿਆ ’ਚ ਨਹਾਉਣ ਲਈ ਗਏ ਸਨ ਅਤੇ ਇਸੇ ਦੌਰਾਨ ਹੀ ਪਾਣੀ ’ਚ ਵਹਿ ਗਏ। ਸਤਲੁਜ ਦਰਿਆ ਵਿਚ ਬੀ. ਬੀ. ਐੱਮ. ਬੀ. ਅਤੇ ਹੋਮ ਗਾਰਡ ਦੀ ਗੋਤਾਖੋਰ ਟੀਮ ਲੱਗੀ ਹੋਈ ਹੈ ਪਰ ਅਜੇ ਤੱਕ ਉਨ੍ਹਾਂ ਦੋ ਬੱਚਿਆਂ ਦਾ ਕੋਈ ਸੁਰਾਗ ਨਹੀਂ ਮਿਲ ਸਕਿਆ ਹੈ।
ਦੂਜੇ ਪਾਸੇ ਪਰਿਵਾਰ ਦੇ ਮੈਂਬਰਾਂ ਨੇ ਪ੍ਰਸ਼ਾਸਨ ਨੂੰ ਮੰਗ ਕੀਤੀ ਹੈ ਕਿ ਇਹ ਜੋ ਖੇਤਰ ਦਰਿਆ ਦੇ ਨਾਲ ਲੱਗਦਾ ਹੈ, ਉਥੇ ਅਕਸਰ ਲੋਕ ਸ਼ਾਮ ਨੂੰ ਪਾਣੀ ਚ ਹੁੱਲੜਬਾਜ਼ੀ ਕਰਦੇ ਰਹਿੰਦੇ ਹਨ, ਜਿਨ੍ਹਾਂ ਨੂੰ ਰੋਕਣ ਲਈ ਪ੍ਰਸ਼ਾਸਨ ਨੂੰ ਇਸ ਪੂਰੇ ਖੇਤਰ ਦੇ ਆਲੇ-ਦੁਆਲੇ ਕੰਡਿਆਂ ਵਾਲੀ ਤਾਰ ਲਗਾ ਕੇ ਜਾਂ ਜਾਲੀ ਲਗਾ ਕੇ ਬੰਦ ਕਰਨਾ ਚਾਹੀਦਾ ਹੈ ਤਾਂ ਜੋ ਕੋਈ ਵੀ ਵਿਅਕਤੀ ਦਰਿਆ ਦੇ ਨੇੜੇ ਨਾ ਪਹੁੰਚ ਸਕੇ।
ਟੀਵੀ ਪੰਜਾਬ ਬਿਊਰੋ