ਰਾਜਪੁਰਾ -ਰਾਜਪੁਰਾ ਦੀ ਅਨਾਜ ਮੰਡੀ ‘ਚ ਅੱਜ ਕਿਸਾਨਾਂ ਭਾਜਪਾ ਆਗੂ ਨੂੰ ਘੇਰਨ ਮੌਕੇ ਮਾਹੌਲ ਕਾਫੀ ਤਣਾਅਪੂਰਨ ਬਣਿਆ ਰਿਹਾ। ਜਾਣਕਾਰੀ ਮੁਤਾਬਕ ਇੱਥੇ ਦੀ ਅਨਾਜ ਮੰਡੀ ਦੇ ਪਿੱਛੇ ਭਾਰਤੀ ਵਿਕਾਸ ਪ੍ਰੀਸ਼ਦ ਦੇ ਦਫ਼ਤਰ ਵਿਚ ਭਾਜਪਾ ਵੱਲੋਂ ਇਕ ਮੀਟਿੰਗ ਦਾ ਰੱਖੀ ਗਈ ਸੀ। ਇੱਥੇ ਵਿਸ਼ੇਸ਼ ਤੌਰ ’ਤੇ ਭਾਜਪਾ ਦੇ ਜ਼ਿਲ੍ਹਾ ਇੰਚਾਰਜ ਭੂਪੇਸ਼ ਅਗਰਵਾਲ ਅਤੇ ਉਨ੍ਹਾਂ ਦੀ ਟੀਮ ਪਹੁੰਚੀ ਹੋਈ ਸੀ। ਭਾਜਪਾ ਵਲੋਂ ਸੱਦੀ ਗਈ ਇਸ ਮੀਟਿੰਗ ਦਾ ਜਿਵੇਂ ਹੀ ਕਿਸਾਨਾਂ ਨੂੰ ਪਤਾ ਲੱਗਾ ਤਾਂ ਉਨ੍ਹਾਂ ਨੇ ਵੱਡੀ ਗਿਣਤੀ ’ਚ ਇੱਥੇ ਪਹੁੰਚ ਕੇ ਭਾਜਪਾ ਮੁਰਦਾਬਾਦ ਦੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਜਿਸ ਤੋਂ ਬਾਅਦ ਮਾਹੌਲ ਵਿਗੜ ਗਿਆ।
ਇਸ ਘਟਨਾ ਦੇ ਵਾਪਰਨ ਬਾਰੇ ਕਿਸਾਨਾਂ ਦਾ ਦੋਸ਼ ਹੈ ਕਿ ਭਾਜਪਾ ਆਗੂ ਦੇ ਗੰਨਮੈਨ ਵਲੋਂ ਕਿਸਾਨਾਂ ਨੂੰ ਰਿਵਾਲਵਰ ਦਿਖਾਈ ਗਈ, ਜਿਸ ਤੋਂ ਬਾਅਦ ਮਾਹੌਲ ਵਿਗੜ ਗਿਆ। ਇਸ ਦੌਰਾਨ ਕਿਸਾਨਾਂ ਵੱਲੋਂ ਭਾਜਪਾ ਦੇ ਆਗੂਆਂ ’ਤੇ ਹਮਲਾ ਵੀ ਕੀਤਾ ਗਿਆ।
ਦੂਜੇ ਪਾਸੇ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਪੁਲਸ ਵੀ ਵੱਡੀ ਗਿਣਤੀ ’ਚ ਉਥੇ ਪਹੁੰਚ ਗਈ ਅਤੇ ਕਿਸੇ ਤਰ੍ਹਾਂ ਭਾਜਪਾ ਆਗੂਆਂ ਨੂੰ ਉਥੋਂ ਸੁਰੱਖਿਅਤ ਬਾਹਰ ਕੱਢ ਲਿਆ। ਇਸ ਦੌਰਾਨ ਇਕ ਭਾਜਪਾ ਕੌਂਸਲਰ ਦੇ ਨਾਲ ਧੱਕਾ-ਮੁੱਕੀ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਇਸ ਤੋਂ ਬਾਅਦ ਭਾਜਪਾ ਆਗੂ ਕਿਸਾਨਾਂ ਤੋਂ ਬਚਣ ਲਈ ਨੇੜਲੇ ਘਰ ਵਿੱਚ ਵੜ ਗਏ ਜਿਥੋਂ ਪੁਲਸ ਪਾਰਟੀ ਨੇ ਬੜੀ ਮੁਸ਼ੱਕਤ ਨਾਲ ਉਨ੍ਹਾਂ ਨੂੰ ਸੁਰੱਖਿਅਤ ਕੱਢਿਆ। ਗ਼ੌਰਤਲਬ ਹੈ ਕੇ ਕਾਲੇ ਬਿੱਲ ਵਾਪਸ ਨਾ ਲਏ ਜਾਣ ਦੇ ਵਿਰੋਧ ਵਿੱਚ ਕਿਸਾਨਾਂ ਵੱਲੋਂ ਲਗਾਤਾਰ ਭਾਜਪਾ ਆਗੂਆਂ ਨੂੰ ਘੇਰਿਆ ਜਾ ਰਿਹਾ ਹੈ।
ਉਧਰ ਘਟਨਾ ਤੋਂ ਬਾਅਦ ਭਾਜਪਾ ਆਗੂ ਭੂਪੇਸ਼ ਅਗਰਵਾਲ ਵੱਲੋਂ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ ।