ਵਿਸ਼ੇਸ਼ ਰਿਪੋਰਟ – ਜਸਬੀਰ ਵਾਟਾਂਵਾਲੀ
ਮਨੁੱਖ ਜਾਤੀ ਦੇ ਸਿਰ ‘ਤੇ ਕੋਰੋਨਾ ਮਹਾਂਮਾਰੀ ਦਾ ਖ਼ੌਫ ਅਜੇ ਮੰਡਰਾਅ ਹੀ ਰਿਹਾ ਸੀ ਕਿ ਇਕ ਹੋਰ ਭਿਆਨਕ ਖ਼ੌਫ਼ ਨੇ ਦਸਤਕ ਦੇ ਦਿੱਤੀ। ਇਹ ਖ਼ੌਫ ਹੈ ਬਲੈਕ ਵਾਈਟ ਅਤੇ ਯੈਲੋ ਫੰਗਸ ਦਾ। ਇਹ ਫੰਗਸ ਉਨ੍ਹਾਂ ਲੋਕਾਂ ਨੂੰ ਵਧੇਰੇ ਸ਼ਿਕਾਰ ਬਣਾਉਂਦੇ ਹਨ ਜਿਨ੍ਹਾਂ ਦੀ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਘੱਟ ਹੈ। ਬਲੈਕ ਫੰਗਸ ਇਕ ਕਿਸਮ ਦੀ ਕਾਲੀ ਉੱਲੀ ਹੈ ਜੋ ਕੋਰੋਨਾ ਤੋਂ ਸਿਹਤਯਾਬ ਹੋ ਚੁੱਕੇ ਲੋਕਾਂ ਨੂੰ ਵੀ ਆਪਣਾ ਸ਼ਿਕਾਰ ਬਣਾ ਰਹੀ ਹੈ। ਇਸੇ ਤਰ੍ਹਾਂ ਵਾਈਟ ਅਤੇ ਯੈਲੋ ਫੰਗਸ ਦੇ ਅਟੈਕ ਦੇ ਤਰੀਕੇ ਵੀ ਇਸ ਬਿਮਾਰੀ ਨਾਲ ਮਿਲਦੇ-ਜੁਲਦੇ ਹਨ ।
ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਸੋਮਵਾਰ ਨੂੰ ਦੱਸਿਆ ਕਿ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਕਾਲੇ ਬਲੈਕ ਫੰਗਸ ਦੇ 111 ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿੱਚੋਂ 25 ਮਾਮਲੇ ਸਰਕਾਰੀ ਹਸਪਤਾਲਾਂ ਵਿੱਚ ਸਾਹਮਣੇ ਆਏ ਹਨ, ਜਦੋਂ ਕਿ ਬਾਕੀ ਦੇ 86 ਮਾਮਲੇ ਨਿੱਜੀ ਹਸਪਤਾਲਾਂ ਤੋਂ ਸਾਹਮਣੇ ਆਏ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਇਕੱਲੇ ਲੁਧਿਆਣੇ ’ਚ ਹੀ 30 ਤੋਂ ਜ਼ਿਆਦਾ ਲੋਕ ਇਸ ਦਾ ਬਿਮਾਰੀ ਦਾ ਸ਼ਿਕਾਰ ਹੋਏ ਹਨ। ਇਸੇ ਤਰ੍ਹਾਂ ਜਲੰਧਰ ਵਿਚ ਵੀ 24 ਤੋਂ ਵਧੇਰੇ ਮਰੀਜ਼ਾਂ ਨੂੰ ਇਸ ਬਿਮਾਰੀ ਨੇ ਆਪਣਾ ਸ਼ਿਕਾਰ ਬਣਾਇਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਬਿਹਾਰ ਵਿੱਚ ਵੀ ਇਸ ਬਿਮਾਰੀ ਦੇ 60 ਦੇ ਕਰੀਬ ਮਾਮਲੇ ਵੀ ਸਾਹਮਣੇ ਆ ਚੁੱਕੇ ਹਨ। ਬਿਹਾਰ ਵਿੱਚ ਤਾਂ ਵਾਈਟ ਫੰਗਸ ਦੇ ਵੀ 7 ਮਾਮਲੇ ਸਾਹਮਣੇ ਆ ਚੁੱਕੇ ਹਨ। ਚਿੰਤਾ ਵਾਲੀ ਗੱਲ ਇਹ ਹੈ ਕਿ ਗਾਜ਼ੀਆਬਾਦ ਵਿੱਚ ਅੱਜ ਜੈਲੋ ਫੰਗਸ ਦਾ ਮਾਮਲਾ ਵੀ ਰਿਪੋਰਟ ਕੀਤਾ ਗਿਆ ਹੈ। ਇਸ ਸਭ ਤੋਂ ਬਾਅਦ ਆਮ ਲੋਕਾਂ ਵਿੱਚ ਇਸ ਬਿਮਾਰੀ ਦਾ ਭੈਅ ਕਾਫੀ ਵੱਧਦਾ ਜਾ ਰਿਹਾ ਹੈ।
ਆਖਰ ਕਿਉਂ ਹੈ ਇਸ ਬਿਮਾਰੀ ਦਾ ਭੈਅ
ਇਹ ਬਿਮਾਰੀ ਇੰਨੀ ਖ਼ਤਰਨਾਕ ਹੈ ਕਿ ਡਾਕਟਰਾਂ ਨੂੰ ਆਪ੍ਰੇਸ਼ਨ ਕਰ ਕੇ ਕੁਝ ਮਰੀਜ਼ਾਂ ਦੇ ਅੰਗ ਅੱਖਾਂ, ਨੱਕ ਅਤੇ ਜਬਾੜੇ ਤੱਕ ਵੀ ਕੱਢਣੇ ਪੈ ਰਹੇ ਹਨ। ਪੰਜਾਬ ਸਣੇ ਦੇਸ਼ ਦੇ ਕਈ ਸੂਬਿਆਂ ਨੇ ਇਸ ਨੂੰ ਮਹਾਮਾਰੀ ਐਲਾਨ ਦਿੱਤਾ ਹੈ। ਡਾਕਟਰਾਂ ਮੁਤਾਬਕ ਵਾਈਟ ਫੰਗਸ ਬਲੈਕ ਫੰਗਸ ਤੋਂ ਵੀ ਵਧੇਰੇ ਖ਼ਤਰਨਾਕ ਹੈ। ਇਸ ਫੰਗਸ ਦੇ ਮਰੀਜ਼ਾਂ ਦੀ ਰਿਪੋਰਟ ਵੀ ਜ਼ਿਆਦਾਤਰ ਨੈਗੇਟਿਵ ਹੀ ਆਉਂਦੀ ਹੈ। ਇਸ ਦੇ ਲੱਛਣ ਸਿਹਤਮੰਦ ਹੋ ਚੁੱਕੇ ਕੋਰੋਨਾ ਮਰੀਜ਼ਾਂ ’ਚ ਹੀ ਮਿਲ ਰਹੇ ਹਨ। ਉਹ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ ਜਿਨ੍ਹਾਂ ਨੂੰ ਇਲਾਜ ਦੌਰਾਨ ਜ਼ਿਆਦਾ ਸਟੀਰਾਇਡ ਦਿੱਤੇ ਗਏ ਜਾਂ ਆਕਸੀਜਨ ਸੁਪੋਰਟ ’ਤੇ ਰਹੇ ਹਨ।
ਇਸ ਬਿਮਾਰੀ ਨੂੰ ਲੈ ਕੇ ਭੈਅ ਇਸ ਕਾਰਨ ਹੈ ਕਿ ਪੰਜਾਬ ਸਣੇ ਦੇਸ਼ ਦੇ ਜ਼ਿਆਦਾਤਰ ਸੂਬਿਆਂ ਕੋਲ ਲੋੜੀਂਦੀ ਮਾਤਰਾ ਵਿੱਚ ਕੋਰੋਨਾ ਰੋਕੂ ਟੀਕੇ ਉਪਲਬਧ ਨਹੀਂ ਹਨ । ਇਸ ਦੇ ਨਾਲ ਨਾਲ ਭੈਅ ਇਸ ਗੱਲ ਦਾ ਵੀ ਹੈ ਕਿ ਜੇਕਰ ਕੋਰੋਨਾ ਰੋਕੂ ਟੀਕੇ ਉਪਲਬਧ ਹੋ ਵੀ ਜਾਂਦੇ ਹਨ ਤਾਂ ਉਨ੍ਹਾਂ ਦੀ ਵੰਡ ਅਤੇ ਵਿਤਰਣ ਪਾਰਦਰਸ਼ੀ ਢੰਗ ਨਾਲ ਹੋਵੇਗਾ ਜਾਂ ਨਹੀਂ । ਅਜਿਹੇ ਹਾਲਾਤ ਅੰਦਰ ਇਹ ਮਹਾਮਾਰੀ ਬੇਹੱਦ ਖ਼ਤਰਨਾਕ ਰੂਪ ਧਾਰਨ ਕਰ ਸਕਦੀ ਹੈ। ਇਸ ਵਿਚ ਵੀ ਕੋਈ ਸ਼ੱਕ ਨਹੀਂ ਕਿ ਜਿੰਨਾ ਦੇਸ਼ਾਂ ਵਿੱਚ ਕੋਰੋਨਾ ਰੋਕੂ ਟੀਕਾਕਰਨ ਸਹੀ ਢੰਗ ਨਾਲ ਹੋਇਆ ਹੈ, ਉੱਥੇ ਇਹ ਬਿਮਾਰੀ ਕਾਬੂ ਵਿਚ ਹੈ। ਅਮਰੀਕਾ ਅਤੇ ਯੂਰਪ ਦੇ ਕਈ ਹੋਰ ਦੇਸ਼ ਇਸ ਦੀ ਇੱਕ ਮੁੱਖ ਉਦਾਹਰਨ ਹਨ।
ਇਹ ਹਨ ਇਸ ਬਿਮਾਰੀ ਦੇ ਮੁੱਢਲੇ ਲੱਛਣ
ਸਿਹਤ ਮਾਹਰਾਂ ਮੁਤਾਬਕ ਇਸ ਬਿਮਾਰੀ ਦੇ ਮੁੱਢਲੇ ਲੱਛਣ ਚਿਹਰੇ ਦਾ ਦਰਦ ਜਾਂ ਸੋਜ, ਦੰਦ ਦਾ ਦਰਦ, ਅੱਖ ਦੀ ਲਾਲੀ ਜਾਂ ਦਰਦ, ਅੱਖ ਦੀ ਸੋਜ, ਤਸਵੀਰਾਂ ਦੋ-ਦੋ ਜਾਂ ਧੁੰਦਲੀਆਂ ਨਜ਼ਰ ਆਉਣਾ, ਨੱਕ ਦੀ ਸਮੱਸਿਆ, ਬੁਖਾਰ, ਸਾਹ ਦੀ ਕਮੀ, ਸਿਰ ਦਰਦ, ਜੇ ਕਿਸੇ ਨੂੰ ਇਸ ਤਰ੍ਹਾਂ ਦੇ ਕੋਈ ਲੱਛਣ ਹੋਣ ਤਾਂ ਉਸਨੂੰ ਜਲਦੀ ਤੋਂ ਜਲਦੀ ਨੇੜੇ ਦੀ ਸਿਹਤ ਸਹੂਲਤ ‘ਤੇ ਰਿਪੋਰਟ ਕਰਨੀ ਚਾਹੀਦੀ ਹੈ ਅਤੇ ਸਮੇਂ ਸਿਰ ਇਲਾਜ ਜ਼ਰੂਰ ਕਰਵਾਉਣਾ ਚਾਹੀਦਾ ਹੈ ।