ਟੀਵੀ ਪੰਜਾਬ ਬਿਊਰੋ-ਖ਼ਤਰਨਾਕ ਗੈਂਗਸਟਰ ‘ਸੁੱਖਾ ਲੰਮੇ’ ਦਾ ਉਸ ਦੇ ਹੀ ਸਾਥੀਆਂ ਵਲੋਂ ਹੀ ਕਤਲ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਹ ਖ਼ੁਲਾਸਾ ਪੁਲਸ ਵਲੋਂ ਗ੍ਰਿਫ਼ਤਾਰ ਕੀਤੇ ਗਏ ਫਿਰੌਤੀ ਲਈ ਕਤਲ ਕਰਨ ਵਾਲੇ ਗਿਰੋਹ ਦੇ ਮੈਂਬਰਾਂ ਨੇ ਕੀਤਾ।
ਬੀਤੇ ਦਿਨੀਂ ਮੋਗਾ ਪੁਲਸ ਨੇ ਵਿਦੇਸ਼ਾਂ ਵਿਚ ਬੈਠੇ ਗੈਂਗਸਟਰਾਂ ਦੇ ਇਸ਼ਾਰੇ ’ਤੇ ਫ਼ਿਰੌਤੀ ਲਈ ਕਤਲ ਕਰਨ ਵਾਲੇ ਗਰੋਹ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਖਤਰਨਾਕ ਗਿਰੋਹ ਨੇ ਭਗਤਾ ਭਾਈ ਦੇ ਡੇਰਾ ਪ੍ਰੇਮੀ, ਮੋਗਾ ਦੇ ਇਕ ਕੱਪੜਾ ਵਪਾਰੀ, ਜਲੰਧਰ ’ਚ ਪਾਦਰੀ ਦੀ ਹੱਤਿਆ ਤੇ ਫ਼ਿਰੌਤੀ ਤੇ ਹੋਰਨਾਂ ਕਈ ਵਾਰਦਾਤਾਂ ਦਾ ਖੁਲਾਸਾ ਕੀਤਾ। ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਡੀਜੀਪੀ ਦਿਨ ਇਸ ਗੱਲ ਦੀ ਜਾਣਕਾਰੀ ਦਿੰਦੇ ਹੋਏ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਸਾਰੇ ਪੰਜ ਮੁਲਜ਼ਮ ਪਿੰਡ ਡਾਲਾ ਦੇ ਵਸਨੀਕ ਹਨ ਅਤੇ ਇਸ ਪਿੰਡ ਦਾ ਅਰਸ਼ਦੀਪ ਨਾਮ ਦਾ ਗੈਂਗਸਟਰ ਕੈਨੇਡਾ ’ਚੋਂ ਉਨ੍ਹਾਂ ਨੂੰ ਦਿਸ਼ਾ-ਨਿਰਦੇਸ਼ ਦਿੰਦਾ ਸੀ।
ਜਾਣਕਾਰੀ ਮੁਤਾਬਕ ਇਨ੍ਹਾਂ ਮੁਲਜ਼ਮਾਂ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਗੈਂਗਸਟਰ ‘ਸੁੱਖਾ ਲੰਮੇ’ ਨੂੰ ਮਾਰਿਆ ਹੈ। ਇਲਾਕੇ ਵਿਚ ਉਸ ਦੀ ਦਹਿਸ਼ਤ ਵਧਣ ਕਾਰਨ ਉਨ੍ਹਾਂ ਨੇ ਉਸ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ। ਪਿਛਲੇ ਸਾਲ 27 ਜੂਨ ਨੂੰ ਸੁੱਖਾ ਲੰਮੇ ਦੀ ਹੱਤਿਆ ਕੀਤੀ। ਉਨ੍ਹਾਂ ਨੇ ਪਿੰਡ ਡਾਲਾ ਦੇ ਇਕ ਬੇਆਬਾਦ ਮਕਾਨ ਵਿਚ ਸੁੱਖੇ ਨੂੰ ਜ਼ਹਿਰ ਦਿੱਤਾ ਅਤੇ ਫਿਰ ਉਸਦੀ ਪਛਾਣ ਲਕੋਣ ਉਸ ਦਾ ਚਿਹਰਾ ਸਾੜਨ ਤੋਂ ਬਾਅਦ ਲਾਸ਼ ਨੂੰ ਪੂਲ ਮਾਧੋਕੇ ਵਿਖੇ ਦੌਧਰ ਨਹਿਰ ਵਿੱਚ ਸੁੱਟ ਦਿੱਤਾ। ਲੋਕਾਂ ਵਿਚ ਉਸ ਦੀ ਦਹਿਸ਼ਤ ਕਾਰਨ ਉਸ ਦੇ ਕਤਲ ਮਗਰੋਂ ਵੀ ਉਹ ਉਸ ਦੇ ਨਾਮ ’ਤੇ ਅਮੀਰ ਲੋਕਾਂ ਅਤੇ ਹੋਰ ਕਾਰੋਬਾਰੀਆਂ ਨੂੰ ਫ਼ਿਰੌਤੀ ਲਈ ਡਰਾਉਂਦੇ ਰਹੇ। ਗਿਰੋਹ ਦਾ ਨਿਸ਼ਾਨਾ ਫ਼ਿਰੌਤੀ ਨਾ ਦੇਣ ਵਾਲੇ ਹਿੱਟ ਲਿਸਟ ’ਤੇ ਚੱਲ ਰਹੇ ਵਿਅਕਤੀਆਂ ਨੂੰ ਚੁਣ ਕੇ ਕਤਲ ਕਰਨਾ ਸੀ।
ਮਿਲੀ ਜਾਣਕਾਰੀ ਮੁਤਾਬਕ ਇਹ ਗਿਰੋਹ ਵਿਦੇਸ਼ ’ਚ ਬੈਠੇ ਗੈਂਗਸਟਰਾਂ ਦੇ ਇਸ਼ਾਰੇ ’ਤੇ ਕਤਲ ਕਰਦਾ ਸੀ। ਪਿਛਲੇ ਸਮੇਂ ਦੌਰਾਨ ਡੇਰਾ ਪ੍ਰੇਮੀ ਦੀ ਹੱਤਿਆ ਵੀ ਇਸ ਗਰੋਹ ਵੱਲੋਂ ਹੀ ਕੀਤੀ ਗਈ ਸੀ। ਗਿਰੋਹ ਦੇ ਮੈਂਬਰ ਵੱਡੇ ਕਾਰੋਬਾਰੀਆਂ/ ਦੁਕਾਨਦਾਰਾਂ ਦੇ ਵੇਰਵੇ ਅਤੇ ਫੋਨ ਨੰਬਰ ਆਦਿ ਵਿਦੇਸ਼ਾਂ ’ਚ ਬੈਠੇ ਗੈਂਗਸਟਰਾਂ ਨੂੰ ਭੇਜ ਦਿੰਦੇ ਸਨ ਅਤੇ ਅੱਗੇ ਇਹ ਗੈਂਗਸਟਰ ਬਾਹਰਲੇ ਫੋਨ ਨੰਬਰਾਂ ਤੋਂ ਅਮੀਰਾਂ ਤੇ ਕਾਰੋਬਾਰੀਆਂ ਨੂੰ ਫੋਨ ਕਰ ਕੇ ਧਮਕੀਆਂ ਦਿੰਦੇ ਤੇ ਫਿਰੌਤੀ ਮੰਗਦੇ ਹਨ। ਫ਼ਿਰੌਤੀ ਨਾ ਦੇਣ ਵਾਲਿਆਂ ਨੂੰ ਕਤਲ ਕਰ ਦਿੱਤਾ ਜਾਂਦਾ ਸੀ।
ਗੌਰਤਲਬ ਹੈ ਕਿ ਦੋ ਮਹੀਨੇ ਪਹਿਲਾਂ ਮੋਗਾ ਪੁਲਿਸ ‘ਸੁੱਖਾ ਲੰਮੇ’ ਗਿਰੋਹ ਦੇ ਕਈ ਮੈਂਬਰਾਂ ਨੂੰ ਗ੍ਰਿਫ਼ਤਾਰ ਕਰਨ ਦਾ ਦਾਅਵਾ ਕਰ ਚੁੱਕੀ ਹੈ।