Vancouver – ਕੈਨੇਡਾ ਵੱਲੋਂ ਫ਼ੈਡਰਲ ਕਰਮਚਾਰੀਆਂ ਲਈ ਕੋਵਿਡ ਵੈਕਸੀਨ ਨੂੰ ਲਾਜ਼ਮੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਰੇਲ ਤੇ ਹਵਾਈ ਯਾਤਰੀਆਂ ਵਾਸਤੇ ਵੀ ਕੋਵਿਡ ਟੀਕਾ ਲਾਜ਼ਮੀ ਹੋਣ ਜਾ ਰਿਹਾ ਹੈ। ਕੈਨੇਡਾ ਦੇ ਟ੍ਰਾਂਸਪੋਰਟ ਮੰਤਰੀ ਉਮਰ ਅਲਗ਼ਬਰਾ ਵੱਲੋਂ ਇਸ ਬਾਰੇ ਐਲਾਨ ਕੀਤਾ ਗਿਆ ਕਿ ਕੈਨੇਡਾ ਅੰਦਰ ਜਲਦ ਹੀ ਫ਼ੈਡਰਲ ਕਰਮਚਾਰੀਆਂ ਲਈ ਕੋਰੋਨਾ ਟੀਕਾ ਜ਼ਰੂਰੀ ਕੀਤਾ ਜਾ ਰਿਹਾ ਹੈ। ਫ਼ਿਲਹਾਲ ਇਨ੍ਹਾਂ ਨਿਯਮਾਂ ਦੇ ਲਾਗੂ ਹੋਣ ਦੀ ਕੋਈ ਸਪਸ਼ਟ ਤਾਰੀਖ਼ ਮੰਤਰੀ ਵੱਲੋਂ ਨਹੀਂ ਦੱਸੀ ਗਈ ਹੈ ਪਰ ਉਨ੍ਹਾਂ ਦਾ ਕਹਿਣਾ ਹੈ ਕਿ ਇਹ ਨਵੇਂ ਨਿਯਮ ਬਹੁਤ ਜਲਦ ਕੈਨੇਡਾ ਅੰਦਰ ਲਾਗੂ ਹੋਣਗੇ।
ਅਲਗ਼ਬਰਾ ਨੇ ਕਿਹਾ ਕਿ ਕੈਨੇਡਾ ਵਿਚ ਇਸ ਸਮੇਂ ਟੀਕਾਕਰਨ ਵਿਸ਼ਵ ਦੇ ਮੁਕਾਬਲੇ ਵੱਧ ਹੈ ਪਰ ਫ਼ੇਰ ਵੀ ਕੈਨੇਡਾ ਨੂੰ ’ਹੋਰ ਬਿਹਤਰ ਕਦਮ ਚੁੱਕਣ’ ਦੀ ਜ਼ਰੂਰਤ ਹੈ। ਉਨ੍ਹਾਂ ਦੱਸਿਆ ਕਿ ਕੈਨੇਡਾ ਦੀ 81 ਫ਼ੀਸਦੀ ਆਬਾਦੀ ਨੂੰ ਵੈਕਸੀਨ ਦੀ ਘੱਟੋ ਘੱਟ ਇਕ ਡੋਜ਼ ਦਿੱਤੀ ਜਾ ਚੁੱਕੀ ਹੈ। ਨਵੇਂ ਐਲਾਨ ਦੇ ਮੁਤਾਬਿਕ ਏਅਰਲਾਇਨਜ਼, ਬੈਂਕਿੰਗ, ਬ੍ਰੌਡਕਾਸਟਿੰਗ ,ਰੇਲਵੇ ਅਤੇ ਦੂਰਸੰਚਾਰ ‘ਚ ਕੰਮ ਕਰਨ ਵਾਲੇ ਕਰਮਚਾਰੀ ਆਦਿ ਲਈ ਕੋਵਿਡ ਵੈਕਸੀਨ ਲਾਜ਼ਮੀ ਕੀਤੀ ਜਾ ਰਹੀ ਹੈ।
ਇਸ ਸਮੇਂ ਫ਼ੈਡਰਲ ਮੁਲਾਜ਼ਮਾਂ ਦੀ ਗਿਣਤੀ 300,000 ਤੋਂ ਜ਼ਿਆਦਾ ਹੈ।
ਇਸ ਬਾਰੇ ਬੋਲਦਿਆਂ ਇੰਟਰ-ਗਵਰਨਮੈਂਟਲ ਅਫ਼ੇਅਰਜ਼ ਮਿਨਿਸਟਰ ਨੇ ਕਿਹਾ ਕਿ ਇਹ ਸਿਰਫ਼ ਸਿਫ਼ਾਰਸ਼ਾਂ ਨਹੀਂ ਹਨ ਬਲਕੀ ਲਾਜ਼ਮੀ ਫ਼ਰਮਾਨ ਹਨ।
ਇਸ ਡਰ ਨਾਲ ਹੀ ਸਰਕਾਰ ਵੱਲੋਂ ਮੈਡਿਕਲ ਕਾਰਨਾਂ ਕਰਕੇ ਵੈਕਸੀਨ ਨਾ ਲੈ ਸਕਣ ਵਾਲੇ ਮੁਲਾਜ਼ਮਾਂ ਨੂੰ ਛੋਟ ਦਿੱਤੀ ਜਾਵੇਗੀ। ਫ਼ੈਡਰਲ ਮੁਲਾਜ਼ਮਾਂ ਲਈ ਵੈਕਸੀਨ ਲਾਜ਼ਮੀ ਕੀਤੇ ਜਾਣ ਤੋਂ ਇਲਾਵਾ ਕੁਝ ਖ਼ਾਸ ਯਾਤਰੀਆਂ ਲਈ ਵੀ ਕੋਵਿਡ ਵੈਕਸੀਨ ਲਾਜ਼ਮੀ ਕੀਤੀ ਜਾ ਰਹੀ ਹੈ। ਜਿਸ ਦਾ ਮਤਲਬ ਹੈ ਕਿ ਹਵਾਈ ਤੇ ਰੇਲ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੈਕਸੀਨ ਜ਼ਰੂਰੀ ਹੋਵੇਗੀ।