Vancouver – ਕੈਨੇਡਾ ਦੀ ਆਰਥਿਕਤਾ ਵਾਸਤੇ ਜੁਲਾਈ ਮਹੀਨਾ ਕਿਸ ਤਰ੍ਹਾਂ ਦਾ ਰਿਹਾ ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਸਟੈਟਿਸਟਿਕਸ ਕੈਨੇਡਾ ਵੱਲੋਂ ਨੌਕਰੀਆਂ ਸੰਬੰਧੀ ਜਾਣਕਾਰੀ ਦਿੱਤੀ ਗਈ ਹੈ। ਜੁਲਾਈ ਮਹੀਨੇ ਦੌਰਾਨ ਕਨੇਡੀਅਨ ਅਰਥਚਾਰੇ ‘ਚ 94000 ਨਵੀਆਂ ਨੌਕਰੀਆਂ ਸ਼ਾਮਿਲ ਹੋਈਆਂ ਹਨ।ਜਦਕਿ ਅਰਥਸ਼ਾਸਤਰੀਆਂ ਵੱਲੋਂ 165,000 ਨੌਕਰੀਆਂ ਦਾ ਅਨੁਮਾਨ ਲਗਾਇਆ ਗਿਆ ਸੀ।ਜਾਣਕਾਰੀ ਮੁਤਾਬਿਕ ਕੈਨੇਡਾ ਦੀ ਬੇਰੋਜ਼ਗਾਰੀ ਦਰ ਇਸ ਮਹੀਨੇ ਘਟ ਕੇ 7.5 ਫ਼ੀਸਦੀ ਦਰਜ ਹੋਈ।
ਸਟੈਟਿਸਟਿਕਸ ਕੈਨੇਡਾ ਵੱਲੋਂ ਜਾਰੀ ਕੀਤੇ ਅੰਕੜਿਆਂ ਮੁਤਾਬਕ ਸਭ ਤੋਂ ਵੱਧ 72000 ਨਵੀਆਂ ਨੌਕਰੀਆਂ ਇਕੱਲੇ ਓਨਟੇਰੀਓ ਸੂਬੇ ਵਿਚ ਹੀ ਸ਼ਾਮਿਲ ਹੋਈਆਂ । ਮੈਨੀਟੋਬਾ, ਨੋਵਾ ਸਕੋਸ਼ਿਆ ਅਤੇ ਪ੍ਰਿੰਸ ਐਡਵਰਡ ਆਈਲੈਂਡ ਵਿਚ ਵੀ ਨੌਕਰੀਆਂ ਅੰਦਰ ਵਾਧਾ ਦਰਜ ਹੋਇਆ ਹੈ ਅਤੇ ਕੈਨੇਡਾ ਦੇ ਬਾਕੀ ਸੂਬਿਆਂ ਵਿਚ ਜਾਂ ਤਾਂ ਨੌਕਰੀਆਂ ਦਾ ਪੱਧਰ ਸਥਿਰ ਰਿਹਾ ਹੈ ਜਾਂ ਉਸ ਵਿਚ ਗਿਰਾਵਟ ਦਰਜ ਕੀਤੀ ਗਈ ਹੈ। ਕੈਨੇਡਾ ਦੀ ਆਰਥਿਕਤਾ ‘ਚ ਸ਼ਾਮਿਲ ਹੋਈਆਂ ਨੌਕਰੀਆਂ ਵਿਚੋਂ ਜ਼ਿਆਦਾਤਰ ਨੌਕਰੀਆਂ ਫੁਲ-ਟਾਈਮ ਜੌਬਜ਼ ਹਨ।
ਜ਼ਿਕਰਯੋਗ ਹੈ ਕਿ ਜੂਨ ਮਹੀਨੇ ਕੈਨੇਡਾ ਦੀ ਆਰਥਿਕਤਾ ‘ਚ 231,000 ਨਵੀਆਂ ਨੌਕਰੀਆਂ ਸ਼ਾਮਿਲ ਹੋਈਆਂ ਸਨ। ਜੁਲਾਈ ਮਹੀਨੇ ਵਿਚ 165,000 ਨਵੀਆਂ ਨੌਕਰੀਆਂ ਦਾ ਅਨੁਮਾਨ ਲਗਾਇਆ ਗਿਆ ਸੀ ਪਰ ਅਜਿਹਾ ਨਹੀਂ ਹੋ ਸਕਿਆ।