Vancouver – ਕੈਨੇਡਾ ਤੋਂ ਫੈਡਰਲ ਚੋਣਾਂ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਕੁੱਝ ਮੀਡੀਆ ਰਿਪੋਰਟਾਂ ਮੁਤਾਬਿਕ ਕੈਨੇਡਾ ‘ਚ ਅਗਲੇ ਮਹੀਨੇ ਯਾਨੀ ਸਤੰਬਰ ਦੀ 20 ਤਾਰੀਖ਼ ਨੂੰ ਫ਼ੈਡਰਲ ਚੋਣਾਂ ਹੋ ਸਕਦੀਆਂ ਹਨ। ਸੂਤਰਾਂ ਦੇ ਹਵਾਲੇ ਤੋਂ ਪਤਾ ਚੱਲਿਆ ਹੈ ਕਿ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਪਾਰਲੀਮੈਂਟ ਭੰਗ ਕਰਨ ਬਾਰੇ ਐਤਵਾਰ ਨੂੰ ਗਵਰਨਰ ਜਨਰਲ ਨਾਲ ਮੁਲਾਕਾਤ ਕਰਨਗੇ। ਇਸ ਦੇ ਨਾਲ ਹੀ ਟਰੂਡੋ 36 ਦਿਨਾਂ ਦੀ ਚੋਣ ਕੈਂਪੇਨ ਦਾ ਐਲਾਨ ਕਰਨਗੇ। ਇਸੇ ਹਿਸਾਬ ਨਾਲ ਸੋਮਵਾਰ 20 ਸਤੰਬਰ ਚੋਣਾਂ ਦਾ ਦਿਨ ਹੋ ਸਕਦਾ ਹੈ। ਕੈਨੇਡਾ ‘ਚ ਇਸ ਤੋਂ ਪਹਿਲਾਂ ਫੈਡਰਲ ਚੋਣਾਂ ਬਾਰੇ ਲਗਾਤਾਰ ਕਿਆਸ ਅਰਾਇਆਂ ਲਗਾਈਆਂ ਜਾ ਰਹੀਆਂ ਸਨ। ਵੱਖ -ਵੱਖ ਸਿਆਸੀ ਪਾਰਟੀਆਂ ਦੀਆਂ ਸਰਗਰਮੀਆਂ ਵੀ ਕਾਫ਼ੀ ਤੇਜ਼ ਨਜ਼ਰ ਆ ਰਹੀਆਂ ਸਨ।
ਇਸੇ ਦੇ ਨਾਲ ਕੈਨੇਡਾ ‘ਚ ਕੋਰੋਨਾ ਵਾਈਰਸ ਦੇ ਹਾਲਾਤਾਂ ਨੂੰ ਦੇਖਦਿਆਂ ਵਿਰੋਧੀ ਪਾਰਟੀਆਂ ਪਹਿਲਾਂ ਹੀ ਚੋਣਾਂ ਕਰਵਾਉਣ ਦੇ ਫ਼ੈਸਲੇ ਨੂੰ ਲੈਕੇ ਪ੍ਰਧਾਨ ਮੰਤਰੀ ਟਰੂਡੋ ਦੀ ਆਲੋਚਨਾ ਕਰਦੀਆਂ ਰਹੀਆਂ ਹਨ। NDP ਲੀਡਰ ਜਗਮੀਤ ਸਿੰਘ ਵੱਲੋਂ ਵੀ ਕਿਹਾ ਗਿਆ ਸੀ ਕਿ ਕੈਨੇਡਾ ‘ਚ ਇਸ ਸਮੇਂ ਚੋਣਾਂ ਕਰਵਾਉਣਾ ਠੀਕ ਨਹੀਂ। ਚੋਣਾਂ ਦੇ ਸੰਬੰਧੀ ਜਗਮੀਤ ਸਸਿੰਘ ਨੇ ਟਰੂਡੋ ਦੇ ਇਸ ਫੈਸਲੇ ਨੂੰ ਖ਼ੁਦਗਰਜ਼ੀ ਦੱਸਿਆ ਸੀ । ਕੰਜ਼ਰਵੇਟਿਵ ਲੀਡਰ ਐਰਿਨ ਉ’ਟੂਲ ਵੀ ਕਹਿ ਚੁੱਕੇ ਹਨ ਕਿ ਕੋਵਿਡ ਦੀ ਚੌਥੀ ਵੇਵ ਦੌਰਾਨ ਟਰੂਡੋ ਨੂੰ ਚੋਣਾਂ ਕਰਵਾਉਣ ਦੀ ਕਾਹਲੀ ਨਹੀਂ ਕਰਨੀ ਚਾਹੀਦੀ। ਹਾਲਾਂਕਿ ਕੈਨੇਡਾ ਦੀ ਚੀਫ਼ ਮੈਡਿਕਲ ਔਫ਼ਿਸਰ ਡਾ. ਟੈਮ ਵੱਲੋਂ ਕਿਹਾ ਗਿਆ ਕਿ ਕੈਨੇਡਾ ਵਿਚ ਚੰਗੀ ਵੈਕਸੀਨੇਸ਼ਨ ਦਰ ਅਤੇ ਮੌਜੂਦਾ ਹੈਲਥ ਨਿਯਮਾਂ ਕਰਕੇ ਉਹਨਾਂ ਨੂੰ ਭਰੋਸਾ ਹੈ ਕਿ ਇਨ-ਪਰਸਨ ਵੋਟਿੰਗ ਸੁਰੱਖਿਅਤ ਢੰਗ ਨਾਲ ਕੀਤੀ ਜਾ ਸਕਦੀ ਹੈ।