Vancouver – ਕੈਨੇਡਾ ‘ਚ 20 ਸਤੰਬਰ ਨੂੰ ਫ਼ੈਡਰਲ ਚੋਣਾਂ ਹੋ ਜਾ ਰਹੀਆਂ ਹਨ। ਜਿਥੇ ਸਿਆਸੀ ਲੀਡਰ ਇਕ ਪਾਸੇ ਜ਼ਮੀਨੀ ਪੱਧਰ ‘ਤੇ ਪ੍ਰਚਾਰ ਕਰ ਰਹੇ ਹਨ ਉੱਥੇ ਦੂਜੇ ਪਾਸੇ ਉਹ ਸੋਸ਼ਲ ਮੀਡੀਆ ‘ਤੇ ਵੀ ਲਗਾਤਾਰ ਜਾਣਕਾਰੀ ਸਾਂਝੀ ਕਰ ਰਹੇ ਨੇ। ਇਸ ਸਭ ਦੌਰਾਨ ਫੇਸਬੁੱਕ ਕੈਨੇਡਾ ਵੱਲੋਂ ਨਿਯਮਾਂ ‘ਚ ਕੁੱਝ ਬਦਲਾਵ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਬਾਰ ਦੀਆਂ ਚੋਣਾਂ ਵਿਚ ਕਨੇਡੀਅਨ ਲੋਕਾਂ ਨੂੰ ਸਿਆਸਤ ਨਾਲ ਜੁੜੀ ਸਮੱਗਰੀ ਫ਼ੇਸਬੁੱਕ ਤੇ ਘੱਟ ਦੇਖਣ ਨੂੰ ਮਿਲੇਗੀ । ਫ਼ੇਸਬੁੱਕ ਕੈਨੇਡਾ ਦੇ ਮੁਖੀ ਵੱਲੋਂ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਜੇਕਰ ਚੋਣਾਂ ਜਾਂ ਕੋਵਿਡ ਬਾਰੇ ਗਲਤ ਜਾਣਕਾਰੀ ਵਾਲੀਆਂ ਪੋਸਟਾਂ ਫੇਸਬੁੱਕ ‘ਤੇ ਸਾਂਝੀਆਂ ਕੀਤੀਆਂ ਜਾਣਗੀਆਂ ਤਾਂ ਉਨ੍ਹਾਂ ਨੂੰ ਹਟਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਿਆਸੀ ਪਾਰਟੀਆਂ ਜਾਂ ਚੋਣ ਉਮੀਦਵਾਰਾਂ ਨੇ ਫ਼ੇਸਬੁੱਕ ਨਿਯਮਾਂ ਦੀ ਉਲੰਘਣਾ ਕੀਤੀ ਤਾਂ ਉਹਨਾਂ ਦੀਆਂ ਪੋਸਟਾਂ ਵੀ ਹਟਾ ਦਿੱਤੀਆਂ ਹਟਾਉਣ ਤੋਂ ਗੁਰੇਜ਼ ਨਹੀਂ ਕੀਤਾ ਜਾਵੇਗਾ।
ਦਸਦਈਏ ਕਿ ਫ਼ਰਵਰੀ ਮਹੀਨੇ ਦੀ ਸ਼ੁਰੂਆਤ ਵਿਚ ਫ਼ੇਸਬੁੱਕ ਨੇ ਇੱਕ ਪਾਇਲਟ ਪ੍ਰੌਜੈਕਟ ਸ਼ੁਰੂ ਕੀਤਾ ਸੀ ਜਿਸ ਤਹਿਤ ਕੈਨੇਡਾ ਦੇ ਫ਼ੇਸਬੁੱਕ ਯੂਜ਼ਰਜ਼ ਨੂੰ ਆਪਣੇ ਆਪ ਹੀ ਸਿਆਸੀ ਸਮੱਗਰੀ ਘੱਟ ਨਜ਼ਰ ਆਉਣ ਲੱਗ ਪਈ ਸੀ। ਫੇਸਬੁੱਕ ਦਾ ਕਹਿਣਾ ਹੈ ਕਿ ਇਸ ਲਈ ਕਨੇਡੀਅਨਜ਼ ਵੱਲੋਂ ਹੀ ਇਹ ਫ਼ੀਡਬੈਕ ਮਿਲਿਆ ਸੀ ਕਿ ਉਹ ਵੱਧ ਸਿਆਸੀ ਸਮੱਗਰੀ ਨਹੀਂ ਦੇਖਣਾ ਚਾਹੁੰਦੇ।