VANCOUVER – ਕੈਨੇਡਾ ‘ਚ ਹੋਣ ਵਾਲਿਆਂ ਫੈਡਰਲ ਚੋਣਾਂ ਤੋਂ ਪਹਿਲਾ ਐਨਡੀਪੀ ਲੀਡਰ ਜਗਮੀਤ ਸਿੰਘ ਵੱਲੋਂ ਕੈਨੇਡਾ ਵਾਸੀਆਂ ਲਈ ਕਈ ਵੱਡੇ ਐਲਾਨ ਕੀਤੇ ਜਾ ਰਹੇ ਹਨ। ਅੱਜ ਜਗਮੀਤ ਸਿੰਘ ਵੱਲੋਂ ਉਨਟੇਰਿਉ ਦੇ ਵਿੰਡਸਰ ਸ਼ਹਿਰ ਚੋਣ ਕੀਤਾ ਗਿਆ । ਇਥੇ ਪਹੁੰਚੇ ਜਗਮੀਤ ਸਿੰਘ ਵੱਲੋਂ ਮੋਬਾਇਲ ਅਤੇ ਇੰਟਰਨੈਟ ਬਿਲਾਂ ‘ਚ ਕਟੌਤੀ ਕਰਨ ਦੀ ਗੱਲ ਕੀਤੀ ਗਈ। ਜਗਮੀਤ ਸਿੰਘ ਨੇ ਕਿਹਾ ਕਿ ਜੇਕਰ ਉਹਨਾਂ ਦੀ ਸਰਕਾਰ ਕੈਨੇਡਾ ‘ਚ ਬਣਦੀ ਹੈ ਤਾਂ ਕਨੇਡੀਅਨਜ਼ ਦੇ ਮੋਬਾਇਲ ਅਤੇ ਇੰਟਰਨੈਟ ਬਿਲਾਂ ਵਿਚ ਕਟੌਤੀ ਕੀਤੀ ਜਾਵੇਗੀ । ਇਸ ਦੌਰਾਨ ਬੋਲਦਿਆਂ ਜਗਮੀਤ ਸਿੰਘ ਨੇ ਕਿਹਾ ਕਿ ਅਨਲਿਮਿਟੇਡ ਡਾਟਾ ਪਲਾਨ ਅਸਲ ‘ਚ ਅਨਲਿਮਿਟੇਡ ਹੋਣਾ ਚਾਹੀਦਾ ਹੈ ਅਤੇ ਅਜਿਹਾ ਨਹੀਂ ਹੋਣਾ ਚਾਹੀਦਾ ਕਿ ਇੱਕ ਖ਼ਾਸ ਮਾਤਰਾ ਦਾ ਡਾਟਾ ਇਸਤੇਮਾਲ ਕੀਤੇ ਜਾਣ ਤੋਂ ਬਾਅਦ ਇੰਟਰਨੈਟ ਦੀ ਸਪੀਡ ਹੀ ਹੌਲੀ ਹੋ ਜਾਵੇ। ਉਹਨਾਂ ਕਿਹਾ ਕਿ ਕੈਨੇਡਾ ਮੋਬਾਇਲ ਅਤੇ ਇੰਟਰਨੈਟ ਲਈ ਦੁਨੀਆ ਦੇ ਸਭ ਤੋਂ ਮਹਿੰਗੇ ਦੇਸ਼ਾਂ ਵਿਚੋਂ ਇਕ ਹੈ। ਜਗਮੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੀ ਸਰਕਾਰ ਬਨਣ ‘ਤੇ ਯੋਜਨਾ ਤਹਿਤ ਇੱਕ ਆਮ ਕਨੇਡੀਅਨ ਪਰਿਵਾਰ ਦੀ ਔਸਤਨ ਇੰਟਰਨੈਟ ਦੇ ਬਿਲਾਂ ਲਈ 1000 ਡਾਲਰ ਦੀ ਬਚਤ ਹੋਵੇਗੀ। ਇਸ ਦੌਰਾਨ ਜਗਮੀਤ ਸਿੰਘ ਨੇ ਕਿਹਾ ਕਿ 2019 ਦੀਆਂ ਫ਼ੈਡਰਲ ਚੋਣਾਂ ਵਿਚ ਜਸਟਿਨ ਟਰੂਡੋ ਨੇ ਵੀ ਮੋਬਾਇਲ ਬਿਲਾਂ ਵਿਚ ਕਟੌਤੀ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਵੱਲੋਂ ਇਹ ਵਾਅਦਾ ਪੂਰਾ ਨਹੀਂ ਕੀਤਾ ਗਿਆ।