Vancouver – ਏਅਰ ਕੈਨੇਡਾ ਵੱਲੋਂ ਲਗਾਤਾਰ ਟਵੀਟ ਕੀਤੇ ਜਾ ਰਹੇ ਸਨ ਕਿ ਜਲਦ ਹੀ ਕੈਨੇਡਾ ਵੱਲੋਂ ਭਾਰਤ ਨਾਲ ਸਿਧੀਆਂ ਉਡਾਣਾਂ ਚਲਾਈਆਂ ਜਾਣਗੀਆਂ। ਇਨ੍ਹਾਂ ਟਵੀਟਸ ਨਾਲ ਜਿੱਥੇ ਇਕ ਪਾਸੇ ਭਾਰਤ ਤੋਂ ਕੈਨੇਡਾ ਜਾਣ ਵਾਲਿਆਂ ਦੇ ਮਨਾਂ ‘ਚ ਉਮੀਦ ਜਾਗ ਰਹੀ ਸੀ ਓਧਰ ਦੂੱਜੇ ਪਾਸੇ ਇਸ ਨਾਲ ਉਲਜਣ ਵੀ ਪੈਦਾ ਹੋ ਰਹੀ ਸੀ। ਹੁਣ ਆਪਣੇ ਟਵਿੱਟਰ ਅਕਾਊਂਟ ਤੋਂ ਏਅਰ ਕੈਨੇਡਾ ਵੱਲੋਂ ਉਹ ਟਵੀਟ ਹਟਾ ਦਿੱਤਾ ਗਿਆ ਹੈ ਜਿਸ ਵਿੱਚ ਭਾਰਤ ਨਾਲ ਉਡਾਣਾਂ ਚਲਾਉਣ ਬਾਰੇ ਜਾਣਕਾਰੀ ਦਿੱਤੀ ਗਈ ਸੀ। ਏਅਰਲਾਈਨ ਵੱਲੋਂ ਜੋ ਤਾਜ਼ਾ ਟਵੀਟ ਕੀਤਾ ਗਿਆ ਸੀ ਉਸ ‘ਚ ਲਿਖਿਆ ਸੀ ਕਿ ਅਗਸਤ 19,21 ਤੇ 22 ਨੂੰ ਕੈਨੇਡਾ ਤੇ ਭਾਰਤ ਵਿਚਕਾਰ ਉਡਾਣਾਂ ਚੱਲਣਗੀਆਂ। ਦੂੱਜੇ ਪਾਸੇ ਜੋ ਕੈਨੇਡਾ ਵੱਲੋਂ ਐਲਾਨ ਕੀਤਾ ਗਿਆ ਉਸ ਮੁਤਾਬਿਕ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ ‘ਤੇ 21 ਅਗਸਤ ਤੱਕ ਰੋਕ ਜਾਰੀ ਰਹਿਣ ਵਾਲੀ ਹੈ। ਏਅਰਲਾਇਨ ਤੋਂ ਵੀ ਇਸ ਬਾਰੇ ਸਵਾਲ ਪੁੱਛੇ ਜਾ ਰਹੇ ਸਨ। ਯਾਤਰੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਉਲਜਣ ਨਾ ਹੋਵੇ ਇਸ ਲਈ ਹੁਣ ਏਅਰ ਕੈਨੇਡਾ ਵੱਲੋਂ ਇਹ ਟਵੀਟ ਹਟਾ ਲਿਆ ਗਿਆ। ਏਅਰਲਾਈਨ ਵੱਲੋਂ ਇਕ ਸਟੇਟਮੈਂਟ ਜਾਰੀ ਕੀਤੀ ਗਈ ਜਿਸ ‘ਚ ਉਨ੍ਹਾਂ ਕਿਹਾ ਹੈ ਕਿ ਸਰਕਾਰ ਦੇ ਐਲਾਨ ਬਾਅਦ ਹੀ ਉਹ ਉਡਾਣਾਂ ਬਾਰੇ ਜਾਣਕਾਰੀ ਸਾਂਝੀ ਕਰਨਗੇ।
ਦੱਸਦਈਏ ਕਿ ਕੈਨੇਡਾ ਵੱਲੋਂ ਭਾਰਤ ’ਚ ਕੋਰੋਨਾ ਦੇ ਫੈਲਾਅ ਨੂੰ ਦੇਖਦਿਆਂ ਸਿੱਧੀਆਂ ਉਡਾਣਾਂ ’ਤੇ ਰੋਕ ਲਗਾਈ ਗਈ ਹੈ। ਭਾਰਤ ਤੋਂ ਮੌਜੂਦਾ ਸਮੇਂ ਜਿਹੜੇ ਵੀ ਯਾਤਰੀ ਕੈਨੇਡਾ ਜਾਂਦੇ ਹਨ ਉਹ ਕਿਸੇ ਹੋਰ ਤੀਸਰੇ ਮੁਲਕ ਰਾਹੀਂ ਦਾਖ਼ਲ ਹੋ ਰਹੇ ਹਨ।