Vancouver – ਕੈਨੇਡਾ ਅਮਰੀਕਾ ਬਾਰਡਰ ਬਾਰੇ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ। ਇਸ ਮਹੀਨੇ ਇਹ ਬਾਰਡਰ ਨਹੀਂ ਖੁੱਲ੍ਹੇਗਾ। ਦੋਵਾਂ ਪਾਸਿਆਂ ‘ਚ ਕੋਰੋਨਾ ਮਾਮਲੇ ਘੱਟ ਹੋਣ ਦੇ ਬਾਵਜੂਦ ਅਤੇ ਟੀਕਾਕਰਨ ਮੁਹਿੰਮ ਚੰਗੀ ਹੋਣ ਕਾਰਨ ਵੀ ਬਾਰਡਰ ਅੱਜੇ ਬੰਦ ਹੀ ਰਹੇਗਾ।
ਇਕ ਉੱਚ ਕੈਨੇਡੀਅਨ ਅਧਿਕਾਰੀ ਨੇ ਪਹਿਲਾ ਹੀ ਕਹਿ ਦਿੱਤਾ ਕਿ ਕੈਨੇਡਾ ਜੁਲਾਈ ਦੇ ਅਖੀਰ ਵਿਚ ਜਾਂ
ਅਗਸਤ ਮਹੀਨੇ ਵਿਚ ਬਾਰਡਰ ਸੰਬੰਧੀ ਪਾਬੰਦੀਆਂ ‘ਚ ਰਾਹਤ ਦੇ ਸਕਦਾ ਹੈ। ਮਾਹਿਰਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਸਾਲ ਦੇ ਅੰਤ ਤਕ ਸਰਹੱਦ ਪੂਰੀ ਤਰ੍ਹਾਂ ਨਹੀਂ ਖੁੱਲ੍ਹ ਸਕੇਗੀ।
ਜਿਕਰਯੋਗ ਹੈ ਕਿ ਪ੍ਰਧਾਨਮੰਤਰੀ ਜਸਟਿਨ ਟਰੂਡੋ ਨੇ ਸੰਯੁਕਤ ਰਾਜ (ਅਮਰੀਕਾ )ਦੇ ਰਾਸ਼ਟਰਪਤੀ ਜੋ ਬਿਡੇਨ ਨਾਲ ਬ੍ਰਿਟੇਨ ਵਿਚ ਜੀ -7 ਸੰਮੇਲਨ ਦੌਰਾਨ ਸੰਖੇਪ ਵਿਚ ਇਸ ਮੁੱਦੇ ਉੱਤੇ ਵਿਚਾਰ-ਵਟਾਂਦਰਾ ਕੀਤਾ। ਅਜੇ ਇਸ ਬਾਰਡਰ ਖੋਲ੍ਹਣ ਬਾਰੇ ਕੁੱਝ ਵੀ ਸਪਸ਼ਟ ਨਹੀਂ ਹੋ ਸਕਿਆ। ਮਾਰਚ 2020 ਤੋਂ ਹੀ ਗੈਰ ਜ਼ਰੂਰੀ ਯਾਤਰਾ ਲਈ ਕੋਰੋਨਾ ਕਾਰਨ ਬਾਰਡਰ ਬੰਦ ਪਿਆ ਹੈ। ਇਸ ਬੰਦ ਦਾ ਅਸਰ ਆਰਥਿਕਤਾ ‘ਤੇ ਵੀ ਪੈ ਰਿਹਾ ਹੈ ਜਿਸ ਕਾਰਨ ਬਾਰਡਰ ਖੋਲ੍ਹਣ ਬਾਰੇ ਜ਼ੋਰ ਪਾਇਆ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਅਗਲੇ ਕੁਝ ਦਿਨਾਂ ਵਿੱਚ, ਕੈਨੇਡਾ ਸਰਕਾਰ ਵੱਲੋਂ ਦੋ ਡੋਜ਼ ਲੱਗ ਚੁੱਕੇ ਕੈਨੇਡੀਅਨ ਨਾਗਰਿਕਾਂ ਅਤੇ ਪੱਕੇ ਵਸਨੀਕਾਂ ਨੂੰ ਕੁਆਰੰਟੀਨ ‘ਚ ਛੋਟ ਦੇਣ ਬਾਰੇ ਯੋਜਨਾ ਸਾਂਝੀ ਕੀਤੀ ਜਾਵੇਗੀ। ਕੈਨੇਡਾ ਵੱਲੋਂ ਅਗਲੇ ਮਹੀਨੇ ਦੀ ਸ਼ੁਰੂਆਤ ਤੋਂ ਕੁਆਰੰਟੀਨ ਨੂੰ ਖਤਮ ਕੀਤਾ ਜਾ ਰਿਹਾ ਹੈ। ਇਹ ਰਾਹਤ ਉਨ੍ਹਾਂ ਲਈ ਹੈ ਜਿਨ੍ਹਾਂ ਨੇ ਕੋਵਿਡ ਦੇ ਦੋ ਡੋਜ਼ ਲਗਵਾਏ ਹਨ।