Vancouver – ਯੂਕੇ ਸਰਕਾਰ ਵੱਲੋਂ ਕੁਆਰੰਟੀਨ ਬਾਰੇ ਜਾਣਕਾਰੀ ਸਾਂਝੀ ਕੀਤੀ ਗਈ। ਇੰਗਲੈਂਡ ਵੱਲੋਂ ਉਨ੍ਹਾਂ ਯੂਰਪ ਅਤੇ ਅਮਰੀਕਾ ਦੇ ਯਾਤਰੀਆਂ ਨੂੰ ਕੁਆਰੰਨਟੀਨ ਤੋਂ ਰਾਹਤ ਦਿੱਤੀ ਗਈ ਜੋ ਵੈਕਸੀਨ ਹਾਸਿਲ ਕਰ ਚੁੱਕੇ ਹਨ। ਜਿਸ ਦਾ ਮਤਲਬ ਹੈ ਕਿ
ਯੂਰਪ ਅਤੇ ਅਮਰੀਕਾ ਦੇ ਯਾਤਰੀਆਂ ਨੂੰ ਇੰਗਲੈਂਡ ਪਹੁੰਚਣ ਤੇ ਲਾਜ਼ਮੀ ਕੁਆਰੰਟੀਨ ਨਹੀਂ ਕਰਨਾ ਹੋਵੇਗਾ। ਇਸ ਦੌਰਾਨ ਇੰਗਲੈਂਡ ਨੇ ਕੈਨੇਡਾ ਵਾਸੀਆਂ ਨੂੰ ਕੋਈ ਰਾਹਤ ਨਹੀਂ ਦਿੱਤੀ। ਪੂਰੀ ਤਰ੍ਹਾਂ ਵੈਕਸੀਨੇਟ ਹੋ ਚੁੱਕੇ ਕਨੇਡੀਅਨ ਲੋਕਾਂ ਨੂੰ ਅਜੇ ਵੀ ਇੰਗਲੈਂਡ ਪਹੁੰਚਣ ‘ਤੇ ਕੁਆਰੰਟੀਨ ਕਰਨਾ ਪਵੇਗਾ। ਯੂ ਕੇ ਸਰਕਾਰ ਵੱਲੋਂ ਇਸ ਬਾਰੇ ਨਿਊਜ਼ ਰਿਲੀਜ਼ ਜਾਰੀ ਕੀਤੀ ਗਈ ਜਿਸ ‘ਚ ਉਨ੍ਹਾਂ ਦੱਸਿਆ ਕਿ ਇਹ ਨਵਾਂ ਨਿਯਮ 2 ਅਗਸਤ ਤੋਂ ਇੰਗਲੈਂਡ ‘ਚ ਲਾਗੂ ਹੋ ਜਾਵੇਗਾ ।ਯੂਕੇ ਵੱਲੋਂ ਕੈਨੇਡਾ ਨੂੰ ਇਸ ਸੂਚੀ ਵਿਚ ਕਿਉਂ ਸ਼ਾਮਲ ਨਹੀਂ ਕੀਤਾ ਗਿਆ ਇਸ ਬਾਰੇ ਕੋਈ ਕਾਰਨ ਨਹੀਂ ਦੱਸਿਆ ਗਿਆ। ਦੱਸਦਈਏ ਕਿ ਕੈਨੇਡਾ ਤੋਂ ਇੰਗਲੈਂਡ ਜਾਣ ਵਾਲੇ ਯਾਤਰੀਆਂ ਨੂੰ 10 ਦਿਨਾਂ ਲਈ ਕੁਆਰੰਟੀਨ ਕਰਨਾ ਹੋਵੇਗਾ ਅਤੇ ਇੰਗਲੈਂਡ ਪਹੁੰਚਣ ‘ਤੇ ਅਤੇ ਪਹੁੰਚਣ ਤੋਂ ਅੱਠ ਦਿਨ ਬਾਅਦ ਕੋਵਿਡ ਟੈਸਟ ਵੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜਿਹੜੇ ਅਮਰੀਕਾ ਅਤੇ ਯੂਰੋਪ ਦੇ ਯਾਤਰੀ ਇੰਗਲੈਂਡ ਜਾਣਗੇ ਉਨ੍ਹਾਂ ਨੂੰ ਤਾਂ ਹੀ ਇਕਾਂਤਵਾਸ ਤੋਂ ਰਾਹਤ ਦਿੱਤੀ ਜਾਵੇਗੀ ਜੇਕਰ ਉਨ੍ਹਾਂ ਦੇ EMA ਤੋਂ ਮਾਨਤਾ ਪ੍ਰਾਪਤ ਟੀਕਾ ਲੱਗਾ ਹੈ।