Vancouver – ਅਮਰੀਕਾ ਵੱਲੋਂ ਦੇਸ਼ਵਾਸੀਆਂ ਨੂੰ ਕੈਨੇਡਾ ਯਾਤਰਾ ਨਾ ਕਰਨ ਦੀ ਸਲਾਹ ਦਿੱਤੀ ਗਈ ਹੈ। ਅਮਰੀਕਾ ਵੱਲੋਂ ਹੁਣ ਕੈਨੇਡਾ ਨੂੰ ਯਾਤਰਾ ਸੰਬੰਧੀ ਲੈਵਲ 3 ‘ਤੇ ਰੱਖਿਆ ਗਿਆ ਹੈ। ਇਸ ਤੋਂ ਪਹਿਲਾਂ ਕੈਨੇਡਾ ਨੂੰ ਅਮਰੀਕਾ ਵੱਲੋਂ ਲੈਵਲ 4 ‘ਤੇ ਕੀਤਾ ਗਿਆ ਸੀ।
ਕੋਰੋਨਾ ਵਾਇਰਸ ਤੇ ਡੈਲਟਾ ਵੇਰੀਏਂਟ ਦੇ ਫੈਲਾਅ ਨੂੰ ਦੇਖਦਿਆਂ ਹੁਣ ਅਮਰੀਕਾ ਵੱਲੋਂ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਕੈਨੇਡਾ ‘ਚ ਗੈਰ ਜ਼ਰੂਰੀ ਯਾਤਰਾ ਤੋਂ ਪ੍ਰਹੇਜ ਕੀਤਾ ਜਾਵੇ। ਖਾਸ ਤੌਰ ‘ਤੇ ਇਹ ਉਨ੍ਹਾਂ ਯਾਤਰੀਆਂ ਨੂੰ ਕਿਹਾ ਜਾ ਰਿਹਾ ਹੈ ਜਿਨ੍ਹਾਂ ਨੇ ਅਜੇ ਕੋਰੋਨਾ ਵਾਇਰਸ ਦਾ ਟੀਕਾ ਹਾਸਿਲ ਨਹੀਂ ਕੀਤਾ ਹੈ। ਇਸ ਬਾਰੇ ਯੂਐਸ ਡਿਪਾਰਟਮੈਂਟ ਵੱਲੋਂ ਪੁਸ਼ਟੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਅਮਰੀਕਾ ਵੱਲੋਂ ਕੈਨੇਡਾ ‘ਚ ਯਾਤਰਾ ਸੰਬੰਧੀ ਐਡਵਾਇਜਰੀ ਜਾਰੀ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਮਾਰਚ 2020 ਤੋਂ ਕੋਰੋਨਾ ਵਾਇਰਸ ਕਾਰਨ ਅਮਰੀਕਾ ਕੈਨੇਡਾ ਬਾਰਡਰ ਨੂੰ ਬੰਦ ਕੀਤਾ ਗਿਆ। ਇਸ ਤੋਂ ਬਾਅਦ 9 ਅਗਸਤ ਤੋਂ ਕੈਨੇਡਾ ਵੱਲੋਂ ਟੀਕਾ ਲਗਵਾ ਚੁੱਕੇ ਅਮਰੀਕੀ ਯਾਤਰੀਆਂ ਵਾਸਤੇ ਬਾਰਡਰ ਖੋਲ੍ਹ ਦਿੱਤਾ। ਕੈਨੇਡਾ ਦੇ ਇਸ ਐਲਾਨ ਤੋਂ ਬਾਅਦ ਵੀ ਅਮਰੀਕਾ ਵੱਲੋਂ ਕੈਨੇਡਾ ਨੂੰ ਬਾਰਡਰ ਰਾਹੀਂ ਦਾਖਲੇ ਸੰਬੰਧੀ ਰਾਹਤ ਨਹੀਂ ਦਿੱਤੀ ਗਈ। ਅਮਰੀਕਾ ਵੱਲੋਂ ਸਤੰਬਰ 21 ਤੱਕ ਕੈਨੇਡਾ ਵਾਸਤੇ ਬਾਰਡਰ ਬੰਦ ਰੱਖਣ ਦਾ ਐਲਾਨ ਕੀਤਾ ਗਿਆ।