Vancouver – 5 ਜੁਲਾਈ ਤੋਂ ਕੈਨੇਡਾ ਦਾਖ਼ਲ ਹੋਣ ਵਾਲਿਆਂ ਨੂੰ ਕੁਆਰੰਟੀਨ ਨਹੀਂ ਕਰਨਾ ਹੋਵੇਗਾ। ਸਰਕਾਰ ਨੇ ਸੋਮਵਾਰ ਨੂੰ ਇਹ ਐਲਾਨ ਕੀਤਾ ਹੈ ਕਿ ਜਿਨ੍ਹਾਂ ਯਾਤਰੀਆਂ ਨੇ ਕੋਵਿਡ ਟੀਕੇ ਦੇ ਦੋ ਡੋਜ਼ ਲਗਵਾਏ ਹਨ ਤੇ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗਟਿਵ ਆਉਂਦੀ ਹੈ ਤਾਂ ਉਨ੍ਹਾਂ ਯਾਤਰੀਆਂ ਨੂੰ ਹੋਟਲ ਤੇ 14 ਦਿਨ ਦੇ ਕੁਆਰੰਟੀਨ ਤੋਂ ਰਾਹਤ ਦਿੱਤੀ ਜਾਵੇਗੀ।
ਇਹ ਨਿਯਮ ਬਾਰਡਰ ‘ਤੇ ਹਵਾਈ ਯਾਤਰਾ ਰਾਹੀਂ ਦਾਖ਼ਲ ਹੋਣ ਵਾਲਿਆਂ ‘ਤੇ ਲਾਗੂ ਹੁੰਦਾ ਹੈ। ਕੁਆਰੰਟੀਨ ਤੋਂ ਉਨ੍ਹਾਂ ਯਾਤਰੀਆਂ ਨੂੰ ਢਿੱਲ ਦਿੱਤੀ ਜਾਵੇਗੀ ਜਿਨ੍ਹਾਂ ਦੇ ਫਾਈਜ਼ਰ, ਮੋਡੇਰਨਾ,ਐਸਟਰਾਜ਼ੇਨੇਕਾ ਟੀਕੇ ਦੀ ਦੋ ਡੋਜ਼ ਤੇ ਜੌਨਸਨ ਟੀਕੇ ਦੀ ਇਕ ਡੋਜ਼ ਲੱਗੀ ਹੋਵੇਗੀ। ਇਹ ਨਿਯਮ 5 ਜੁਲਾਈ ਨੂੰ ਸਵੇਰੇ 11:59 ਵਜੇ ਤੋਂ ਯਾਤਰੀਆਂ ‘ਤੇ ਲਾਗੂ ਹੋਵੇਗਾ। ਮੌਜੂਦਾ ਸਮੇਂ ਕੈਨੇਡਾ ‘ਚ ਨਾਗਰਿਕ, ਸਥਾਈ ਨਿਵਾਸੀ ਅਤੇ ਭਾਰਤੀ ਐਕਟ ਦੇ ਤਹਿਤ ਰਜਿਸਟਰ ਹੋਏ ਲੋਕਾਂ ਨੂੰ ਦਾਖ਼ਲੇ ਦੀ ਇਜਾਜ਼ਤ ਦਿੱਤੀ ਗਈ ਹੈ।
ਟ੍ਰੈਵਲ ਤੋਂ ਪਹਿਲਾਂ ਯਾਤਰੀਆਂ ਨੂੰ ਆਪਣੀ ਟੀਕਾ ਦੀ ਜਾਣਕਾਰੀ ਅਰਾਈਵਕੈਨ ਐਪ’ ਤੇ ਜਮ੍ਹਾ ਕਰਾਉਣੀ ਹੋਵੇਗੀ। ਯਾਤਰੀ ਲਈ 72 ਘੰਟਿਆਂ ਦੇ ਅੰਦਰ-ਅੰਦਰ ਕਰਵਾਇਆ ਕੋਵਿਡ -19 ਟੈਸਟ ਲਾਜ਼ਮੀ ਹੋਵੇਗਾ। ਯਾਤਰੀ ਦਾ ਇਕ ਕੋਰੋਨਾ ਟੈਸਟ ਕੈਨੇਡਾ ਦਾਖ਼ਲ ਹੋਣ ‘ਤੇ ਕੀਤਾ ਜਾਵੇਗਾ ਜਿਸ ਦੀ ਰਿਪੋਰਟ ਨੈਗਟਿਵ ਆਉਣ ‘ਤੇ ਕੁਆਰੰਟੀਨ ਨਹੀਂ ਕਰਨਾ ਪਵੇਗਾ। ਜਿਹੜੇ ਬੱਚੇ ਆਪਣੇ ਟੀਕਾ ਲਗਵਾ ਚੁੱਕੇ ਮਾਂ-ਬਾਪ ਨਾਲ ਯਾਤਰਾ ਕਰਨਗੇ ਉਨ੍ਹਾਂ ਨੂੰ ਵੀ ਹੋਟਲ ਕੁਆਰੰਟੀਨ ਕਰਨਾ ਲਾਜ਼ਮੀ ਨਹੀਂ ਹੋਵੇਗਾ ਪਰ, ਇਨ੍ਹਾਂ ਬੱਚਿਆਂ ਨੂੰ ਘਰ ‘ਚ 14 ਦਿਨ ਲਈ ਇਕਾਂਤਵਾਸ ਕਰਨਾ ਪਵੇਗਾ।
ਦੱਸਣਯੋਗ ਹੈ ਕਿ ਕੈਨੇਡਾ ਵੱਲੋਂ ਭਾਰਤ ਨਾਲ ਸਿੱਧੀਆਂ ਉਡਾਣਾਂ ‘ਤੇ 21 ਜੁਲਾਈ ਤੱਕ ਰੋਕ ਲਗਾ ਦਿੱਤੀ ਗਈ ਹੈ। ਜੋ ਪਾਕਿਸਤਾਨ ਨਾਲ ਉਡਾਣਾਂ ‘ਤੇ ਰੋਕ ਲਗਾਈ ਗਈ ਸੀ ਉਸ ਨੂੰ ਅੱਗੇ ਨਹੀਂ ਵਧਾਇਆ ਗਿਆ।