Vancouver – ਕੈਨੇਡਾ ਵੱਲੋਂ ਭਾਰਤ ਤੋਂ ਆਉਣ ਵਾਲੀਆਂ ਸਿਧੀਆਂ ਉਡਾਣਾਂ ‘ਤੇ ਲੱਗੀ ਰੋਕ ਨੂੰ ਇਕ ਵਾਰ ਫ਼ਿਰ ਵਧਾਇਆ ਗਿਆ। ਇਹ ਉਡਾਣਾਂ ’ਤੇ ਲੱਗੀ ਰੋਕ ਅਗਸਤ 21 ਤੱਕ ਜਾਰੀ ਰਹਿਣ ਵਾਲੀ ਹੈ। ਹੁਣ ਇਥੇ ਵੱਡਾ ਸਵਾਲ ਬਣਿਆ ਹੋਇਆ ਹੈ ਕਿ ਕੈਨੇਡਾ ਵੱਲੋਂ ਭਾਰਤ ਦੀਆਂ ਉਡਾਣਾਂ ਤੋਂ ਰੋਕ ਕਦੋਂ ਹਟਾਈ ਜਾਵੇਗੀ। ਇਸ ਦਾ ਅਸਰ ਦੋਹਾਂ ਦੇਸ਼ਾਂ ‘ਤੇ ਪੈ ਰਿਹਾ ਹੈ। ਭਾਰਤ ਤੋਂ ਆਉਣ ਵਾਲੇ ਇਮੀਗ੍ਰੈਂਟਸ ਤੇ ਅੰਤਰਰਾਸ਼ਟਰੀ ਵਿਦਿਆਰਥੀ ਕੈਨੇਡਾ ਦੀ ਆਰਥਿਕਤਾ ’ਚ ਵੱਡਾ ਯੋਗਦਾਨ ਪਾਉਂਦੇ ਹਨ। ਸਭ ਤੋਂ ਪਹਿਲਾਂ ਕੈਨੇਡਾ ਵੱਲੋਂ ਅਪ੍ਰੈਲ 22 ਨੂੰ ਭਾਰਤ ਤੋਂ ਆਉਣ ਵਾਲੀਆਂ ਸਿੱਧੀਆਂ ਉਡਾਣਾਂ ‘ਤੇ ਰੋਕ ਲਗਾਈ ਗਈ। ਫ਼ਿਰ ਇਸ ਨੂੰ ਕਈ ਵਾਰ ਅੱਗੇ ਵਧਾਇਆ ਗਿਆ। ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਭਾਰਤ ‘ਚ ਅਜੇ ਵੀ ਕੋਰੋਨਾ ਦੇ ਹਾਲਾਤ ਗੰਭੀਰ ਹਨ। ਜਿਸ ਕਾਰਨ ਉਨ੍ਹਾਂ ਨੇ ਲੱਗੀ ਰੋਕ ਨੂੰ ਅੱਗੇ ਵਧਾਇਆ। ਪਰ,ਦੂਜੇ ਪਾਸੇ ਕੈਨੇਡਾ ਵੱਲੋਂ ਯਾਤਰਾ ’ਚ ਰਾਹਤ ਦਾ ਐਲਾਨ ਕੀਤਾ ਗਿਆ। ਇਸ ਐਲਾਨ ਮਤਾਬਿਕ 9 ਅਗਸਤ ਤੋਂ ਦੋ ਡੋਜ਼ ਲਗਵਾ ਚੁੱਕੇ ਅਮਰੀਕਾ ਵਾਸੀ ਕੈਨੇਡਾ ‘ਚ ਦਾਖ਼ਲ ਹੋ ਸਕਦੇ ਹਨ। ਇਸ ਤੋਂ ਬਾਅਦ ਸਤੰਬਰ ਮਹੀਨੇ ਤੋਂ ਵੱਖ -ਵੱਖ ਦੇਸ਼ਾਂ ਦੇ ਯਾਤਰੀ ਕੈਨੇਡਾ ‘ਚ ਆ ਸਕਣਗੇ। ਭਾਰਤ ਵੱਲੋਂ ਕੈਨੇਡਾ ਸਰਕਾਰ ਤੋਂ ਇਨ੍ਹਾਂ ਪਾਬੰਦੀਆਂ ਨੂੰ ਹਟਾਉਣ ਦੀ ਮੰਗ ਕੀਤੀ ਗਈ। ਭਾਰਤ ਦਾ ਕਹਿਣਾ ਹੈ ਕਿ ਇੱਥੇ ਕੋਰੋਨਾ ਦੇ ਮਾਮਲੇ ਪਹਿਲਾਂ ਨਾਲੋਂ ਘੱਟ ਹਨ। ਦੂਜੇ ਪਾਸੇ ਕੈਨੇਡਾ ਦੇ ਇੰਸਟੀਟਿਊਟ ਵੀ ਸਰਕਾਰ ਨੂੰ ਮੰਗ ਕਰ ਰਹੇ ਹਨ ਕਿ ਭਾਰਤ ਤੋਂ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਰਾਹਤ ਦਿੱਤੀ ਜਾਵੇ।