Vancouver – ਅਮਰੀਕਾ ਵੱਲੋਂ ਕੈਨੇਡਾ ਅਮਰੀਕਾ ਬਾਰਡਰ ਬਾਰੇ ਐਲਾਨ ਕੀਤਾ ਗਿਆ ਹੈ। ਅਮਰੀਕਾ ਵੱਲੋਂ ਬਾਰਡਰ ‘ਤੇ ਲੱਗੀਆਂ ਪਾਬੰਧੀਆਂ ਨੂੰ ਅਗਲੇ ਇਕ ਹੋਰ ਮਹੀਨੇ ਲਈ ਵਧਾ ਦਿੱਤਾ ਗਿਆ ਹੈ। ਨਵੇਂ ਐਲਾਨ ਮੁਤਾਬਿਕ ਯੂ ਐਸ ਲੈਂਡ ਬੌਰਡਰ ‘ਤੇ ਲੱਗੀ ਪਾਬੰਧੀ ਹੁਣ 21 ਅਗਸਤ ਤੱਕ ਜਾਰੀ ਰਹੇਗੀ। ਅਮਰੀਕਾ ਵੱਲੋਂ ਗ਼ੈਰਜ਼ਰੂਰੀ ਯਾਤਰਾ ਲਈ ਬਾਰਡਰ ਨੂੰ ਇਕ ਹੋਰ ਮਹੀਨੇ ਲਈ ਬੰਦ ਰੱਖਿਆ ਜਾਵੇਗਾ।
ਅਮਰੀਕੀ ਸਰਕਾਰ ਦਾ ਕਹਿਣਾ ਹੈ ਕਿ ਭਾਵੇਂ ਟੀਕਾਕਰਨ ਦੀਆਂ ਦਰਾਂ ਵਿਚ ਸੁਧਾਰ ਹੋਇਆ ਹੈ ਪਰ ਗ਼ੈਰਜ਼ਰੂਰੀ ਯਾਤਰਾ ਲਈ ਸਰਹੱਦ ਖੋਲ੍ਹੇ ਜਾਣ ਨਾਲ ਵਾਇਰਸ ਦੇ ਫੈਲਣ ਖ਼ਤਰਾ ਵੱਧ ਸਕਦਾ ਹੈ। ਮਾਰਚ 2020 ਤੋਂ ਹੀ ਕੈਨੇਡਾ ਅਮਰੀਕਾ ਬਾਰਡਰ ਨੂੰ ਗੈਰ ਜ਼ਰੂਰੀ ਯਾਤਰਾ ਲਈ ਬੰਦ ਰੱਖਿਆ ਗਿਆ ਹੈ। ਕਾਰੋਬਾਰੀ ਮੰਗ ਕਰ ਰਹੇ ਸਨ ਕਿ ਇਸ ਰੋਕ ਨੂੰ ਜਲਦ ਹੀ ਹਟਾਇਆ ਜਾਵੇ।
ਪਿਛਲੇ ਕਈ ਮਹੀਨਿਆਂ ਤੋਂ ਆਮ ਲੋਕਾਂ ਅਤੇ ਕਾਰੋਬਾਰੀਆਂ ਵੱਲੋਂ ਸਰਹੱਦ ਖੁਲਣ ਦੀ ਉਡੀਕ ਕੀਤੀ ਜਾ ਰਹੀ ਸੀ । ਬਾਇਡਨ ਪ੍ਰਸ਼ਾਸਨ ਵੱਲੋਂ ਜੋ ਅੱਜ ਬਾਰਡਰ ਬਾਰੇ ਫੈਸਲਾ ਲਿਆ ਗਿਆ, ਕਈ ਲੋਕਾਂ ਦਾ ਮੰਨਣਾ ਹੈ ਕਿ ਇਹ ਫੈਸਲਾ ਆਰਥਕ ਪੱਖੋਂ ਅਤੇ ਪਰਿਵਾਰਾਂ ਦੋਵਾਂ ਲਈ ਨੁਕਸਾਨਦੇਹ ਹੈ।
ਹਾਲ ਹੀ ਵਿਚ ਕਨੇਡੀਅਨ ਸਰਕਾਰ ਨੇ ਐਲਾਨ ਕੀਤਾ ਸੀ ਕਿ 9 ਅਗਸਤ ਨੂੰ ਪੂਰੀ ਤਰ੍ਹਾਂ ਵੈਕਸੀਨੇਸ਼ਨ ਕਰਵਾ ਚੁੱਕੇ ਅਮਰੀਕੀਆਂ ਵਾਸਤੇ ਜ਼ਮੀਨੀ ਸਰਹੱਦ ਖੋਲ ਦਿੱਤੀ ਜਾਵੇਗੀ ਅਤੇ ਬਾਕੀ ਦੇਸ਼ਾਂ ਤੋਂ ਆਉਣ ਵਾਲੇ ਪੂਰੀ ਤਰ੍ਹਾਂ ਵੈਕਸਿਨੇਟ ਹੋ ਚੁੱਕੇ ਯਾਤਰੀ 7 ਸਤੰਬਰ ਤੋਂ ਕੈਨੇਡਾ ਆ ਸਕਣਗੇ।