ਪੰਜਾਬ ਕਾਂਗਰਸ ‘ਚ ਜਾਰੀ ਕਲੇਸ਼ ਨੂੰ ਖ਼ਤਮ ਕਰਨ ਲਈ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਵੱਲੋਂ ਗਠਿਤ ਤਿੰਨ ਮੈਂਬਰੀ ਪੈਨਲ ਨੂੰ ਮਿਲਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੱਲਿਕਾਰਜੁਨ ਖੜਗੇ ਦੇ ਦਫ਼ਤਰ ਪਹੁੰਚੇ। ਇਸ ਦੌਰਾਨ ਕੈਪਟਨ ਵੱਲੋਂ ਚੁੱਕੇ ਗਏ ਕੁਝ ਬਿੰਦੂਆਂ ‘ਤੇ ਚਰਚਾ ਕੀਤੀ ਜਾਵੇਗੀ। ਪਾਰਟੀ ਦੇ ਬਾਗ਼ੀ ਆਗੂ ਨਵਜੋਤ ਸਿੰਘ ਸਿੱਧੂ ਤੇ ਕੈਪਟਨ ਵਿਚਕਾਰ ਮਸਲਾ ਸੁਲਝਾਉਣ ਲਈ ਪਾਰਟੀ ਨੇ ਤਿੰਨ ਮੈਂਬਰੀ ਕਮੇਟੀ ਬਣਾਈ ਸੀ। ਕਮੇਟੀ ਨੇ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨਾਲ ਕਈ ਦੌਰ ਦੀ ਮੁਲਾਕਾਤ ਤੋਂ ਬਾਅਦ ਆਪਣੀ ਰਿਪੋਰਟ ਸੌਂਪ ਦਿੱਤੀ ।
AICC ਪੈਨਲ ‘ਚ ਮੱਲਿਕਾਰਜੁਨ ਖੜਗੇ, ਜੇਪੀ ਅਗਰਵਾਲ ਤੇ ਹਰੀਸ਼ ਰਾਵਤ ਸ਼ਾਮਲ ਹਨ। ਆਪਣੀ ਰਿਪੋਰਟ ਸੌਂਪਣ ਦੇ ਪੈਨਲ ਦੋ ਵਾਰ ਰਾਹੁਲ ਗਾਂਧੀ ਨੂੰ ਮਿਲ ਚੁੱਕਾ ਹੈ। ਰਾਹੁਲ ਗਾਂਧੀ ਵੀ ਪੰਜਾਬ ਦੇ ਮੰਤਰੀਆਂ ਤੇ ਵਿਧਾਇਕਾਂ ਨੂੰ ਲਗਾਤਾਰ ਮਿਲ ਰਹੇ ਹਨ। ਉਨ੍ਹਾਂ ਸੋਮਵਾਰ ਨੂੰ ਕਈ ਮੰਤਰੀਆਂ ਤੇ ਵਿਧਾਇਕਾਂ ਨਾਲ ਗੱਲਬਾਤ ਕੀਤੀ ਤੇ ਇਹ ਗੱਲਬਾਤ ਅੱਜ ਵੀ ਜਾਰੀ ਰਹੇਗੀ।
ਨਵਜੋਤ ਸਿੰਘ ਸਿਧੂ ਦੇ ਦੋ ਪਰਿਵਾਰਾਂ ਵੱਲੋਂ ਪੰਜਾਬ ‘ਚ ਫਾਇਦਾ ਉਠਾਉਣ ਵਾਲੀਆਂ ਟਿੱਪਣੀਆਂ ਬਾਰੇ ਪੁੱਛੇ ਜਾਣ ‘ਤੇ ਰਾਵਤ ਨੇ ਕਿਹਾ ਕਿ ਪਾਰਟੀ ਪ੍ਰਸੰਗਕ ਜਾਣਕਾਰੀ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਦੇ ਬਿਆਨ ਦਾ ਮੁਲਾਂਕਣ ਕਰੇਗੀ। ਉਨ੍ਹਾਂ ਕਿਹਾ, ‘ਜਦੋਂ ਮਾਮਲਾ ਕਾਂਗਰਸ ਪ੍ਰਧਾਨ ਦੇ ਸਾਹਮਣੇ ਹੈ ਤਾਂ ਅਖਬਾਰਾਂ ਜ਼ਰੀਏ ਕੁਝ ਵੀ ਕਹਿਣਾ ਠੀਕ ਨਹੀਂ ।’ ਸੂਬੇ ‘ਚ ਅਗਲੇ ਸਾਲ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਅਜਿਹੇ ਵਿਚ ਕਾਂਗਰਸ ਲਈ ਇਹ ਕਾਫੀ ਮਹੱਤਵਪੂਰਨ ਹੋ ਗਿਆ ਹੈ ਕਿ ਉਹ ਪਾਰਟੀ ਦੀ ਪੰਜਾਬ ਇਕਾਈ ‘ਚ ਚੱਲ ਰਹੀ ਧੜੇਬੰਦੀ ਨੂੰ ਖ਼ਤਮ ਕਰਨ ਦਾ ਹੱਲ ਜਲਦੀ ਲੱਭਣ ।