ਲੁਧਿਆਣਾ : ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਨਿਰਦੇਸ਼ਕ ਪਸਾਰ ਸਿੱਖਿਆ ਦੀ ਰਹਿਨੁਮਾਈ ਹੇਠ ਪੰਜਾਬ ਦੇ ਕਿਸਾਨਾਂ ਅਤੇ ਕਿਸਾਨ ਬੀਬੀਆਂ ਲਈ ਪੰਜ ਦਿਨ ਦਾ ਸਿਖਲਾਈ ਕੋਰਸ ਲਾਇਆ ਗਿਆ। ਇਹ ਸਿਖਲਾਈ ਕੋਰਸ ਜੈਵਿਕ ਖੇਤੀ ਬਾਬਤ ਸੀ ਜਿਸ ਵਿਚ 31 ਕਿਸਾਨ ਅਤੇ ਕਿਸਾਨ ਬੀਬੀਆਂ ਸ਼ਾਮਿਲ ਹੋਈਆਂ।
ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਕੁਲਦੀਪ ਸਿੰਘ ਨੇ ਜੈਵਿਕ ਖੇਤੀ ਦੇ ਮਹੱਤਵ ਬਾਰੇ ਗੱਲ ਕੀਤੀ। ਕੋਰਸ ਕੁਆਰਡੀਨੇਟਰ ਡਾ. ਰੁਪਿੰਦਰ ਕੌਰ ਨੇ ਕਿਹਾ ਕਿ ਕੋਵਿਡ ਦੀ ਮਹਾਂਮਾਰੀ ਦੇ ਬਾਵਜੂਦ ਇਹ ਸਿਖਲਾਈ ਕਿਸਾਨਾਂ ਅਤੇ ਕਿਸਾਨ ਬੀਬੀਆਂ ਦੇ ਜੈਵਿਕ ਖੇਤੀ ਮੁਹਾਰਤ ਵਿਚ ਵਾਧਾ ਕਰੇਗੀ।
ਜੈਵਿਕ ਖੇਤੀ ਸਕੂਲ ਦੇ ਨਿਰਦੇਸ਼ਕ ਡਾ. ਚਰਨਜੀਤ ਸਿੰਘ ਔਲਖ ਨੇ ਜੈਵਿਕ ਖੇਤੀ ਦੇ ਮਿਆਰਾਂ ਅਤੇ ਸਰਟੀਫਿਕੇਸ਼ਨ ਵਿਧੀ ਬਾਰੇ ਵਿਸਥਾਰ ਨਾਲ ਆਪਣੀ ਗੱਲ ਰੱਖੀ। ਡਾ. ਅਮਨਦੀਪ ਸਿੰਘ ਸਿੱਧੂ ਨੇ ਖੇਤ ਫਸਲਾਂ ਦੀ ਜੈਵਿਕ ਕਾਸ਼ਤ ਬਾਰੇ, ਡਾ. ਨੀਰਜ ਰਾਣੀ ਨੇ ਵਰਮੀ ਕੰਪੋਸਟ ਰਾਹੀਂ ਮਿੱਟੀ ਦੀ ਸਿਹਤ ਸੁਧਾਰ ਬਾਰੇ ਜਾਣਕਾਰੀ ਦਿੱਤੀ।
ਇਸੇ ਤਰਾਂ ਡਾ. ਜੁਪਿੰਦਰ ਕੌਰ ਨੇ ਜੈਵਿਕ ਖਾਦਾਂ ਬਾਰੇ, ਡਾ. ਸੁਭਾਸ਼ ਸਿੰਘ ਨੇ ਜੈਵਿਕ ਕਾਸ਼ਤ ਵਿਚ ਕੀੜਿਆਂ-ਮਕੌੜਿਆਂ ਦੀ ਰੋਕਥਾਮ ਬਾਰੇ, ਡਾ. ਮਨਮੋਹਨ ਢਕਾਲ ਨੇ ਬਿਮਾਰੀਆਂ ਤੋਂ ਬਚਾਅ ਬਾਰੇ, ਡਾ. ਐੱਸ ਐੱਸ ਵਾਲੀਆ ਨੇ ਜੈਵਿਕ ਸੰਯੁਕਤ ਖੇਤੀ ਪ੍ਰਬੰਧ ਬਾਰੇ, ਡਾ. ਮਨੀਸ਼ਾ ਠਾਕੁਰ ਨੇ ਸਬਜ਼ੀਆਂ ਦੀ ਜੈਵਿਕ ਕਾਸ਼ਤ ਬਾਰੇ ਜਾਣਕਾਰੀ ਦਿੱਤੀ।
ਡਾ. ਕੁਲਦੀਪ ਸਿੰਘ ਭੁੱਲਰ ਨੇ ਫਲਾਂ ਦੀ ਜੈਵਿਕ ਕਾਸ਼ਤ ਬਾਰੇ, ਡਾ. ਰਾਜਿੰਦਰ ਕੁਮਾਰ ਨੇ ਮਹਿਕਦਾਰ ਅਤੇ ਔਸ਼ਧੀ ਪੌਦਿਆਂ ਦੀ ਜੈਵਿਕ ਕਾਸ਼ਤ ਬਾਰੇ, ਡਾ. ਖੁਸ਼ਦੀਪ ਧਰਨੀ ਨੇ ਜੈਵਿਕ ਉਤਪਾਦਾਂ ਦੇ ਮੰਡੀਕਰਨ ਬਾਰੇ ਆਪਣੇ ਭਾਸ਼ਣ ਦਿੱਤੇ। ਡਾ. ਰੁਪਿੰਦਰ ਕੌਰ ਨੇ ਅੰਤ ਵਿਚ ਸਭ ਦਾ ਧੰਨਵਾਦ ਕੀਤਾ।
ਟੀਵੀ ਪੰਜਾਬ ਬਿਊਰੋ