ਲੁਧਿਆਣਾ : ਪੀ.ਏ.ਯੂ. ਦੇ ਸਕਿੱਲ ਡਿਵੈਲਪਮੈਂਟ ਸੈਂਟਰ ਵੱਲੋਂ ਬੀਤੇ ਦਿਨੀਂ ਦੋ ਰੋਜ਼ਾ ਆਨਲਾਈਨ ਸਿਖਲਾਈ ਕੋਰਸ ਲਗਾਇਆ ਗਿਆ । ਇਸ ਦਾ ਵਿਸ਼ਾ ਖੇਤੀ ਅਤੇ ਭੋਜਨ ਉਤਪਾਦਾਂ ਦੇ ਮੰਡੀਕਰਨ ਬਾਰੇ ਜਾਣਕਾਰੀ ਦੇਣਾ ਸੀ ।
ਇਸ ਕੋਰਸ ਵਿਚ ਨੌਕਰੀ ਕਰ ਰਹੇ 18 ਅਧਿਕਾਰੀ ਸ਼ਾਮਿਲ ਹੋਏ ਜਿਨਾਂ ਵਿਚ ਬਾਗਬਾਨੀ ਅਤੇ ਖੇਤੀ ਵਿਕਾਸ ਅਧਿਕਾਰੀ, ਪੀ.ਏ.ਯੂ. ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਮਾਹਿਰ ਸ਼ਾਮਿਲ ਸਨ ।
ਸਕਿੱਲ ਡਿਵੈਲਪਮੈਂਟ ਦੇ ਸਹਿਯੋਗੀ ਨਿਰਦੇਸ਼ਕ ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਮੰਡੀਕਰਨ ਦਾ ਵਿਕਸਿਤ ਅਤੇ ਸੁਧਰਿਆ ਹੋਇਆ ਰੂਪ ਖੇਤੀ ਅਤੇ ਉਦਯੋਗ ਵਿੱਚ ਸਾਂਝ ਲਈ ਸਹਾਈ ਹੋਵੇਗਾ ਅਤੇ ਇਸ ਨਾਲ ਆਰਥਿਕਤਾ ਵਿਚ ਵਾਧਾ ਹੋਵੇਗਾ ।
ਕੋਰਸ ਕੁਆਰਡੀਨੇਟਰ ਡਾ. ਕਿਰਨ ਗਰੋਵਰ ਨੇ ਉਤਪਾਦਨ ਤੋਂ ਬਾਅਦ ਉਤਪਾਦ ਤਿਆਰ ਕਰਨ ਵੱਲ ਪਸਾਰ ਅਧਿਕਾਰੀਆਂ ਨੂੰ ਧਿਆਨ ਸੇਧਣ ਦੀ ਗੱਲ ਕਹੀ ।
ਉਹਨਾਂ ਕਿਹਾ ਕਿ ਕਿਸਾਨਾਂ ਨੂੰ ਮਿਆਰ, ਗਾਹਕਾਂ ਦੀ ਮੰਗ, ਮੰਡੀ ਸੂਚ, ਪ੍ਰੋਸੈਸਿੰਗ ਅਤੇ ਮੁੱਲ ਵਾਧੇ ਬਾਰੇ ਜਾਗਰੂਕ ਕਰਨ ਦੀ ਲੋੜ ਹੈ । ਸਕੂਲ ਆਫ ਬਿਜ਼ਨਸ ਸਟੱਡੀਜ਼ ਦੇ ਡਾ. ਖੁਸ਼ਦੀਪ ਧਰਨੀ ਨੇ ਕਿਸਾਨਾਂ ਨੂੰ ਗਾਹਕਾਂ ਨਾਲ ਨੇੜਲੇ ਸੰਬੰਧ ਬਣਾ ਕੇ ਖੇਤੀ ਕਰਨ ਦੀ ਲੋੜ ਤੇ ਜ਼ੋਰ ਦਿੱਤਾ ।
ਉਹਨਾਂ ਕਿਹਾ ਕਿ ਇਸ ਨਾਲ ਉਤਪਾਦਾਂ ਦਾ ਮੰਡੀਕਰਨ ਵਧੇਰੇ ਪ੍ਰਭਾਵਸ਼ਾਲੀ ਹੋ ਸਕੇਗਾ । ਉਹਨਾਂ ਨੇ ਲੇਬਲਿੰਗ ਰਾਹੀਂ ਉਤਪਾਦਾਂ ਦੀ ਵਿਕਰੀ ਵਿਚ ਸੁਧਾਰ ਬਾਰੇ ਪ੍ਰਦਰਸ਼ਨ ਵੀ ਕੀਤਾ ।
ਡਾ. ਰਮਨਦੀਪ ਸਿੰਘ ਨੇ ਉਤਪਾਦਾਂ ਦੇ ਵਿਕਾਸ ਅਤੇ ਮੰਡੀਕਰਨ ਲਈ ਸਹੀ ਪੈਕਿੰਗ ਵੱਲ ਧਿਆਨ ਦੁਆਇਆ । ਉਹਨਾਂ ਕਿਹਾ ਕਿ ਜ਼ਿਆਦਾ ਤੋਂ ਜ਼ਿਆਦਾ ਕਿਸਾਨਾਂ ਨੂੰ ਯੂਨੀਵਰਸਿਟੀ ਦੇ ਕਲੱਬਾਂ ਨਾਲ ਜੋੜ ਕੇ ਕੰਮ ਕਰਨ ਲਈ ਪ੍ਰੇਰਿਤ ਕਰਨਾ ਚਾਹੀਦਾ ਹੈ ।
ਡਾ. ਐੱਲ ਐੱਮ ਕਥੂਰੀਆ ਨੇ ਇਸ ਮੌਕੇ ਆਪਣੇ ਵਿਚਾਰ ਪੇਸ਼ ਕਰਦਿਆਂ ਇਸ ਬਾਰੇ ਸਰਕਾਰੀ ਪਹਿਲਕਦਮੀਆਂ ਦਾ ਜ਼ਿਕਰ ਕੀਤਾ । ਅੰਤ ਵਿੱਚ ਡਾ. ਕਿਰਨ ਗਰੋਵਰ ਨੇ ਸਭ ਦਾ ਧੰਨਵਾਦ ਕੀਤਾ ।
ਟੀਵੀ ਪੰਜਾਬ ਬਿਊਰੋ