ਨਵੀਂ ਦਿੱਲੀ : ਪੇਗਾਸਸ ਜਾਸੂਸੀ ਵਿਵਾਦ ਨੂੰ ਲੈ ਕੇ ਮਾਮਲਾ ਗਰਮ ਹੋ ਰਿਹਾ ਹੈ। ਇਸ ਦੌਰਾਨ ਕਾਂਗਰਸ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਿਹਾਇਸ਼ ਦਾ ਘਿਰਾਓ ਕੀਤਾ। ਦਿੱਲੀ ਕਾਂਗਰਸ ਇਕਾਈ ਦੇ ਪ੍ਰਧਾਨ ਅਨਿਲ ਚੌਧਰੀ ਦੀ ਅਗਵਾਈ ਵਿਚ ਪਾਰਟੀ ਵਰਕਰਾਂ ਨੇ ਗ੍ਰਹਿ ਮੰਤਰੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਅਤੇ ਉਨ੍ਹਾਂ ਤੋਂ ਅਸਤੀਫੇ ਦੀ ਮੰਗ ਵੀ ਕੀਤੀ।
ਇਸ ਦੇ ਨਾਲ ਹੀ ਕਾਂਗਰਸ ਨੇ ਦਿੱਲੀ ਪੁਲਿਸ ‘ਤੇ ਅਨਿਲ ਚੌਧਰੀ ਦੇ ਘਰ ਦੀ ਨਿਗਰਾਨੀ ਕਰਨ ਦਾ ਦੋਸ਼ ਵੀ ਲਗਾਇਆ। ਕਾਂਗਰਸ ਦੀ ਦਿੱਲੀ ਇਕਾਈ ਨੇ ਟਵੀਟ ਕੀਤਾ ਕਿ ਅਮਿਤ ਸ਼ਾਹ ਦੀ ਦਿੱਲੀ ਪੁਲਿਸ ਸਵੇਰ ਤੋਂ ਹੀ ਅਨਿਲ ਚੌਧਰੀ ਦੇ ਘਰ ਦੀ ਨਿਗਰਾਨੀ ਕਰ ਰਹੀ ਹੈ, ਜਦੋਂ ਉਸਨੇ ਜਾਸੂਸੀ ਕਰਨ ਵਾਲੀ ਮੋਦੀ ਸਰਕਾਰ ਖਿਲਾਫ ਆਵਾਜ਼ ਉਠਾਈ ਅਤੇ ਹੁਣ ਪੁਲਿਸ ਨੇ ਉਸ ਨੂੰ ਮੰਦਰ ਮਾਰਗ ‘ਤੇ ਗ੍ਰਿਫਤਾਰ ਕਰ ਲਿਆ।
ਪਰ ਅਸੀਂ ਰਾਹੁਲ ਗਾਂਧੀ ਦੇ ਸਿਪਾਹੀ ਹਾਂ, ਕਿਸੇ ਤੋਂ ਡਰਾਂਗੇ ਨਹੀਂ। ਤੁਹਾਨੂੰ ਦੱਸ ਦੇਈਏ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਰਿਹਾਇਸ਼ ‘ਤੇ ਵਿਰੋਧ ਪ੍ਰਦਰਸ਼ਨ ਕਰਨ ਵਾਲੇ ਅਨਿਲ ਚੌਧਰੀ ਅਤੇ ਕਾਂਗਰਸੀ ਵਰਕਰਾਂ ਨੂੰ ਦਿੱਲੀ ਪੁਲਿਸ ਨੇ ਹਿਰਾਸਤ ਵਿਚ ਲੈ ਲਿਆ ਹੈ। ਜਿਸ ਦੀ ਵੀਡੀਓ ਕਾਂਗਰਸ ਨੇ ਆਪਣੇ ਟਵਿੱਟਰ ਹੈਂਡਲ ‘ਤੇ ਸ਼ੇਅਰ ਕੀਤੀ ਹੈ। ਇਸ ਦੌਰਾਨ ਕਾਂਗਰਸ ਨੇ ਦਿੱਲੀ ਪੁਲਿਸ ‘ਤੇ ਗੁੰਮਰਾਹ ਕਰਨ ਦਾ ਦੋਸ਼ ਵੀ ਲਗਾਇਆ ਹੈ।
ਫੋਟੋ ਸ਼ੇਅਰ ਕਰਦੇ ਹੋਏ ਕਿਹਾ ਗਿਆ ਕਿ ਦਿੱਲੀ ਪੁਲਿਸ ਨੇ ਸੂਬਾ ਇਕਾਈ ਦੇ ਪ੍ਰਧਾਨ ਅਨਿਲ ਚੌਧਰੀ ਅਤੇ ਦਿੱਲੀ ਪ੍ਰਦੇਸ਼ ਮਹਿਲਾ ਕਾਂਗਰਸ ਦੀ ਪ੍ਰਧਾਨ ਅਮ੍ਰਿਤਾ ਧਵਨ ਨਾਲ ਬਦਸਲੂਕੀ ਕੀਤੀ। ਪਰ ਅਸੀਂ ਚੁੱਪ ਬੈਠਣ ਵਾਲੇ ਲੋਕਾਂ ਵਿਚੋਂ ਇਕ ਨਹੀਂ ਹਾਂ।ਵਿਦੇਸ਼ੀ ਮੀਡੀਆ ਨੇ ਦਾਅਵਾ ਕੀਤਾ ਸੀ ਕਿ ਇਜ਼ਰਾਈਲ ਦੇ ਜਾਸੂਸ ਸੌਫਟਵੇਅਰ ਰਾਹੀਂ 300 ਤੋਂ ਵੱਧ ਕਾਰਕੁਨਾਂ ਦੇ ਮੋਬਾਈਲ ਨੰਬਰਾਂ ਨੂੰ ਹੈਕ ਕੀਤਾ ਹੋ ਸਕਦਾ ਹੈ।
ਟੀਵੀ ਪੰਜਾਬ ਬਿਊਰੋ