ਕਾਂਗਰਸੀ ਮੈਂਬਰ ਪੰਚਾਇਤ ਅਤੇ ਉਸਦਾ ਸਾਥੀ ਕਰੀਬ ਢਾਈ ਕਰੋੜ ਦੀ ਹੈਰੋਇਨ ਸਣੇ ਕਾਬੂ

FacebookTwitterWhatsAppCopy Link

ਨਕੋਦਰ- ਨਕੋਦਰ ਪੁਲਸ ਨੇ ਇਕ ਕਾਂਗਰਸੀ ਮੈਂਬਰ ਪੰਚਾਇਤ ਅਤੇ ਉਸਦੇ ਸਾਥੀ ਨੂੰ ਭਾਰੀ ਮਾਤਰਾ ‘ਚ ਹੈਰੋਇਨ ਸਮੇਤ ਕਾਬੂ ਕੀਤਾ ਹੈ। ਮੁਲਜ਼ਮਾ ਕੋਲੋਂ ਅੱਧਾ ਕਿੱਲੋ ਹੈਰੋਇਨ ਬਰਾਮਦ ਹੋਈ ਹੈ। ਪੁਲਸ ਵੱਲੋਂ ਬਰਾਮਦ ਕੀਤੀ ਉਕਤ ਹੈਰੋਇਨ ਦੀ ਅੰਤਰ ਰਾਸ਼ਟਰੀ ਕੀਮਤ ਕਰੀਬ ਢਾਈ ਕਰੋੜ ਰੁਪਏ ਦੱਸੀ ਜਾ ਰਹੀ ਹੈ।
ਡੀ.ਐੱਸ.ਪੀ. ਨਕੋਦਰ ਨਵਨੀਤ ਸਿੰਘ ਮਾਹਲ ਨੇ ਦੱਸਿਆ ਕਿ ਦਿਹਾਤੀ ਪੁਲਸ ਵੱਲੋਂ ਨਸ਼ੇ ਦੇ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਸਿਟੀ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਗੁਰਮੀਤ ਸਿੰਘ ਉਰਫ ਗੈਰੀ ਪੁੱਤਰ ਨਰਾਇਣ ਸਿੰਘ ਵਾਸੀ ਧਰਮੇ ਦੀਆ ਛੰਨਾ ਥਾਣਾ ਮਹਿਤਪੁਰ ਅਤੇ ਬਲਜਿੰਦਰ ਸਿੰਘ ਉਰਫ ਲੰਬੜ ਪੁੱਤਰ ਜਸਵੀਰ ਸਿੰਘ ਵਾਸੀ ਅਵਾਣ ਖਾਲਸਾ ਥਾਣਾ ਮਹਿਤਪੁਰ
ਕੋਲ ਹੈਰੋਇਨ ਹੈ’ ਅਤੇ ਉਹ ਪਿੰਡ ਪੰਡੋਰੀ ਵੱਲ ਨੂੰ ਜਾ ਰਹੇ ਹਨ। ਸੂਚਨਾ ਮਿਲਦੇ ਹੀ ਤੁਰੰਤ ਕਾਰਵਾਈ ਕਰਦੇ ਹੋਏ ਸਿਟੀ ਥਾਣਾ ਮੁਖੀ ਜਤਿੰਦਰ ਕੁਮਾਰ , ਏ. ਐਸ. ਆਈ .ਬਲਵਿੰਦਰ ਸਿੰਘ, ਸਿਪਾਹੀ ਸੰਜੀਤ ਕੁਮਾਰ, ਰਮਜੀਤ ਸਿੰਘ , ਮਨਦੀਪ ਸਿੰਘ ਅਤੇ ਦਰਬਾਰਾ ਸਿੰਘ ਨੇ ਉਕਤ ਮੁਲਜ਼ਮਾ ਨੂੰ ਅੱਧਾ ਕਿੱਲੋ ਹੈਰੋਇਨ ਸਮੇਤ ਕਾਬੂ ਕਰ ਲਿਆ।
ਥਾਣਾ ਮੁਖੀ ਜਤਿੰਦਰ ਕੁਮਾਰ ਨੇ ਦੱਸਿਆ ਕਿ ਹੈਰੋਇਨ ਸਮੇਤ ਕਾਬੂ ਕੀਤੇ ਗਏ ਮੁਲਜ਼ਮ ਗੁਰਮੀਤ ਸਿੰਘ ਉਰਫ ਗੈਰੀ ਦੀ ਉਮਰ ਕਰੀਬ 30 ਸਾਲ ਹੈ। ਉਹ ਮਹਿਤਪੁਰ ਦੇ ਪਿੰਡ ਧਰਮੇ ਦੀਆ ਛੰਨਾ ਦਾ ਮੌਜੂਦਾ ਕਾਂਗਰਸੀ ਮੈਂਬਰ ਪੰਚਾਇਤ ਹੈ ਅਤੇ ਮਹਿਤਪੁਰ ਵਿੱਚ ਜਿੰਮ ਚਲਾਉਂਦਾ ਹੈ।