ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ)
ਕੋਰੋਨਾ ਕਾਲ ਦੌਰਾਨ ਦਿੱਲੀ ਵਿੱਚ ਕੀਤੀ ਗਈ ਤਾਲਾਬੰਦੀ ਦੇ ਬਾਵਜੂਦ ਇੱਥੇ ਅਪਰਾਧਾਂ ਵਿੱਚ ਵੱਡਾ ਵਾਧਾ ਹੋਇਆ ਹੈ। ਰਾਜਧਾਨੀ ਵਿੱਚ ਜਨਤਕ ਥਾਵਾਂ, ਸਕੂਲ ਅਤੇ ਦਫਤਰਾਂ ਦੇ ਬੰਦ ਹੋਣ ਦੇ ਬਾਵਜੂਦ ਇਕ ਜਨਵਰੀ 2021 ਤੋਂ 15 ਜੂਨ 2021 ਤੱਕ ਬਲਾਤਕਾਰ ਦੇ ਕੁੱਲ 833 ਕੇਸ ਦਰਜ ਕੀਤੇ ਗਏ ਹਨ। ਰਾਜਧਾਨੀ ਵਿੱਚ ਗਲੀ-ਮੁਹੱਲਿਆਂ ਵਿਚ ਹੋਣ ਵਾਲੇ ਅਪਰਾਧਾਂ ਵਿੱਚ ਵੀ ਕਾਫੀ ਵਾਧਾ ਹੋਇਆ ਹੈ। ਦਿੱਲੀ ਪੁਲਿਸ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਇਥੇ ਅਪਰਾਧਾਂ ਵਿੱਚ 30 ਤੋਂ 40 ਫੀਸਦੀ ਵਾਧਾ ਹੋਇਆ ਹੈ। ਇਸ ਦੇ ਉਲਟ ਸਾਲ 2020 ਵਿਚ ਇਨ੍ਹਾਂ ਮਹੀਨਿਆਂ ਦੌਰਾਨ ਅਪਰਾਧਿਕ ਮਾਮਲਿਆਂ ਦੀ ਗਿਣਤੀ ਵਿਚ ਗਿਰਾਵਟ ਆਈ ਸੀ।
ਜਾਰੀ ਕੀਤੇ ਗਏ ਇਨ੍ਹਾਂ ਅੰਕੜਿਆਂ ‘ਤੇ ਵਿਸਥਾਰ ਨਾਲ ਝਾਤੀ ਮਾਰੀਏ ਤਾਂ ਬੀਤੇ ਵਰ੍ਹੇ ਇਕ ਜਨਵਰੀ 2020 ਤੋਂ 15 ਜੂਨ 2020 ਦਰਮਿਆਨ ਲੁੱਟ ਦੇ ਤਕਰੀਬਨ 701 ਮਾਮਲੇ ਦਰਜ ਕੀਤੇ ਗਏ ਸਨ। ਇਸ ਦੇ ਉਲਟ ਇਸ ਸਾਲ ਇਨ੍ਹਾਂ ਮਹੀਨਿਆਂ ਦੌਰਾਨ 942 ਤੋਂ ਵੱਧ ਕੇਸ ਦਰਜ ਕੀਤੇ ਗਏ ਹਨ। ਇਸੇ ਤਰ੍ਹਾਂ ਦਿੱਲੀ ਵਿੱਚ ਛਾਪੇਮਾਰੀ ਦੇ ਮਾਮਲਿਆਂ ਵਿੱਚ 46 ਫੀਸਦੀ ਵਾਧਾ ਹੋਇਆ ਹੈ। ਇਸ ਸਾਲ ਦਿੱਲੀ ਵਿੱਚ ਛਾਪੇਮਾਰੀ ਦੇ ਕੁੱਲ 3,800 ਤੋਂ ਵੱਧ ਕੇਸ ਦਰਜ ਕੀਤੇ ਗਏ ਹਨ। ਜਦ ਕਿ ਪਿਛਲੇ ਸਾਲ ਸਿਰਫ 2600 ਮਾਮਲੇ ਦਰਜ ਕੀਤੇ ਗਏ ਸਨ।
ਬਲਾਤਕਾਰ ਅਤੇ ਚੋਰੀ ਦੇ ਕੇਸਾਂ ਵਿਚ ਵੀ ਹੋਇਆ ਵੱਡਾ ਵਾਧਾ
ਦਿੱਤੇ ਗਏ ਇਨ੍ਹਾਂ ਅਪਰਾਧਿਕ ਅੰਕੜਿਆਂ ਮੁਤਾਬਿਕ ਦਿੱਲੀ ਵਿੱਚ ਇਸ ਸਾਲ ਚੋਰੀ ਦੇ 63,000 ਤੋਂ ਵੱਧ ਮਾਮਲੇ ਦਰਜ ਕੀਤੇ ਗਏ ਹਨ। ਇਸਦੇ ਨਾਲ-ਨਾਲ ਮੋਟਰ ਵਾਹਨ ਚੋਰੀ ਅਤੇ ਘਰਾਂ ਦੀ ਚੋਰੀ ਦੇ ਮਾਮਲੇ ਵੀ ਵਧ ਗਏ ਹਨ। ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 7,000 ਕੇਸਾਂ ਦਾ ਵਾਧਾ ਹੋਇਆ ਹੈ। ਇਸ ਦੌਰਾਨ, ਇਸ ਸਾਲ ਦਿੱਲੀ ਵਿੱਚ ਬਲਾਤਕਾਰ ਦੇ ਮਾਮਲਿਆਂ ਵਿੱਚ 43 ਫੀਸਦੀ ਵਾਧਾ ਹੋਇਆ ਹੈ। 1 ਜਨਵਰੀ ਤੋਂ 15 ਜੂਨ ਤੱਕ ਰਾਜਧਾਨੀ ਦਿੱਲੀ ਵਿੱਚ ਬਲਾਤਕਾਰ ਦੇ ਕੁੱਲ 833 ਕੇਸ ਦਰਜ ਕੀਤੇ ਗਏ ਹਨ।
ਇਸ ਸਭ ਨੂੰ ਦੇਖਦੇ ਹੋਏ ਬੀਤੇ ਦਿਨੀਂ ਦਿੱਲੀ ਪੁਲਿਸ ਦੇ ਕਮਿਸ਼ਨਰ ਬਾਲਾਜੀ ਸ਼੍ਰੀਵਾਸਤਵ ਨੇ ਅਪਰਾਧਿਕ ਮਾਮਲਿਆਂ ‘ਤੇ ਸਮੀਖਿਆ ਬੈਠਕ ਕੀਤੀ ਸੀ। ਕਮਿਸ਼ਨਰ ਨੇ ਜ਼ੋਰ ਦੇ ਕੇ ਕਿਹਾ ਕਿ ਪੁਲਿਸ ਨੂੰ ਸੜਕਾਂ ‘ਤੇ ਚੌਕਸੀ ਵਧਾਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਚੌਕਸੀ ਵਧਾਉਣ ਦੀ ਇਸ ਲਈ ਵੀ ਲੋੜ ਹੈ ਕਿਉਂਕਿ ਲਾਕਡਾਊਨ ਵਿਚ ਢਿੱਲ ਤੋਂ ਬਾਅਦ ਦਿੱਲੀ ਵਿੱਚ ਬਾਜ਼ਾਰਾਂ, ਮਾਲਾਂ ਅਤੇ ਹੋਰ ਥਾਵਾਂ ‘ਤੇ ਖੁੱਲ੍ਹ ਹੋ ਗਈ ਹੈ, ਜਿਸ ਤੋਂ ਬਾਅਦ ਜੁਰਮ ਦੀ ਦਰ ਵਿਚ ਹੋਰ ਵੀ ਵਾਧਾ ਹੋ ਸਕਦਾ ਹੈ।
ਟੀਵੀ ਪੰਜਾਬ ਬਿਊਰੋ।