ਜਲੰਧਰ : ਦਸੂਹਾ ਦੀ ਕਿਰਨ ਲੈਬੋਰੇਟਰੀ ਅੱਜ-ਕੱਲ੍ਹ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇੱਥੇ ਕੰਮ ਕਰਦੀ ਇਕ ਲੜਕੀ ਪਰਮਿੰਦਰ ਕੌਰ ਅਤੇ ਉਸਦੇ ਸਾਥੀ ਲੜਕੇ ਵੱਲੋਂ ਇਕ ਮੁੰਡੇ ਨਾਲ ਮਾਰ-ਕੁੱਟ ਕਰਨ ਦੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ।
ਵੀਡੀਓ ਵਿਚ ਸਾਫ਼ ਨਜ਼ਰ ਆ ਰਿਹਾ ਹੈ ਕਿ ਲੈਬੋਰੇਟਰੀ ’ਚ ਬੈਠੇ ਮੁੰਡੇ ਨਾਲ ਪਰਮਿੰਦਰ ਕੌਰ ਆ ਕੇ ਪਹਿਲਾਂ ਬਹਿਸਬਾਜ਼ੀ ਕਰਦੀ ਹੈ ਅਤੇ ਫਿਰ ਇਕਦਮ ਹੀ ਉਸ ਨਾਲ ਮਾਰਕੁੱਟ ਕਰਨਾ ਸ਼ੁਰੂ ਕਰ ਦਿੰਦੀ ਹੈ, ਕੁੱਟਮਾਰ ਵਿਚ ਪਰਮਿੰਦਰ ਕੌਰ ਦਾ ਸਹਿਕਰਮੀ ਵੀ ਉਸ ਦਾ ਪੂਰਾ ਸਾਥ ਦਿੰਦਾ ਹੈ।
ਦੂਜੇ ਪਾਸੇ ਕੁੱਟ ਖਾਣ ਵਾਲਾ ਲੜਕਾ ਪੂਰੀ ਤਰ੍ਹਾਂ ਘਬਰਾਇਆ ਨਜ਼ਰ ਆ ਰਿਹਾ ਹੈ। ਕੁੜੀ ਉਸ ਨੂੰ ਲੈਬੋਰੇਟਰੀ ਦੇ ਅੰਦਰ ਕੁੱਟਣ ਤੋਂ ਬਾਅਦ ਬਾਹਰ ਸੜਕ ’ਤੇ ਵੀ ਅੱਗੇ-ਅੱਗੇ ਭਜਾਉਂਦੀ ਨਜ਼ਰ ਆ ਰਹੀ ਹੈ। ਤੇਜ਼ੀ ਨਾਲ ਵਾਇਰਲ ਹੋ ਰਹੀ ਇਸ ਵੀਡੀਓ ਬਾਰੇ ਜਦੋਂ ਪੜਤਾਲ ਕੀਤੀ ਗਈ ਤਾਂ ਪਤਾ ਲੱਗਾ ਕਿ ਪਰਮਿੰਦਰ ਕੌਰ ਅਤੇ ਕੁੱਟ ਖਾਣ ਵਾਲਾ ਲੜਕਾ ਅਭੀ ਦੋਵੇਂ ਇਕੋ ਹੀ ਪਿੰਡ ਦੇ ਵਸਨੀਕ ਹਨ।
ਪੀੜਿਤ ਅਭੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਮੁਤਾਬਿਕ ਉਸ ਨੂੰ ਕਿਰਨ ਲੈਬੋਰੇਟਰੀ ਵਿਖੇ ਪਰਮਿੰਦਰ ਨਾਲ ਕੰਮ ਕਰਦੇ ਲੜਕੇ ਰਾਜਨ ਨੇ ਫੋਨ ਕਰ ਕੇ ਖੁਦ ਬੁਲਾਇਆ ਸੀ ਅਤੇ ਬਾਅਦ ਵਿਚ ਦੋਵਾਂ ਨੇ ਸਾਜਿਸ਼ ਤਹਿਤ ਕੁੱਟਣਾ ਸ਼ੁਰੂ ਕਰ ਦਿੱਤਾ।ਪੀੜਿਤ ਪਰਿਵਾਰ ਮੁਤਾਬਿਕ ਅਭੀ ਦਾ ਕੁਝ ਦਿਨ ਪਹਿਲਾਂ ਪਰਮਿੰਦਰ ਦੇ ਭਰਾ ਨਾਲ ਪਿੰਡ ਵਿਚ ਝਗੜਾ ਹੋਇਆ ਸੀ, ਜਿਸ ਦਾ ਬਦਲਾ ਲੈਣ ਲਈ ਉਸ ਨੂੰ ਸਾਜਿਸ਼ ਤਹਿਤ ਬੁਲਾ ਕੇ ਕੁੱਟਿਆ ਗਿਆ।
ਜਦੋਂ ਕੁੱਟਮਾਰ ਕਰਨ ਵਾਲੀ ਕੁੜੀ ਅਤੇ ਉਸਦੇ ਸਾਥੀ ਦਾ ਪੱਖ ਜਾਨਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ ਪਰ ਉਕਤ ਲੜਕੀ ਵੱਲੋਂ ਕੁਝ ਦਿਨ ਪਹਿਲਾਂ ਹੁਸ਼ਿਆਰਪੁਰ ‘ਚ ਕੀਤੀ ਇਕ ਪ੍ਰੈਸ ਕਾਨਫਰੰਸ ’ਚ ਇਸ ਲੜਕੀ ਦੇ ਬਿਆਨ ਜ਼ਰੂਰ ਸਾਡੇ ਹੱਥ ਲੱਗੇ ਹਨ ਜੋ ਵਾਇਰਲ ਹੋ ਰਹੀ ਸੀਸੀਟੀਵੀ ਨਾਲ ਬਿਲਕੁਲ ਵੀ ਮੇਲ ਨਹੀਂ ਖਾਂਦੇ।
ਪ੍ਰੈੱਸ ਕਾਨਫਰੰਸ ਵਿਚ ਸਾਫ਼ ਨਜ਼ਰ ਆ ਰਿਹਾ ਹੈ ਕਿ ਉਕਤ ਲੜਕੀ ਅਤੇ ਉਸਦੇ ਹਮਾਇਤੀ ਆਪਣੇ ਆਪ ਨੂੰ ਸਹੀ ਸਾਬਤ ਕਰਨ ਲਈ ਪੀੜਿਤ ਅਭੀ ਅਤੇ ਪੁਲਿਸ ਪ੍ਰਸ਼ਾਸਨ ’ਤੇ ਹੀ ਦਬਾਅ ਪਾਉਂਦੇ ਨਜ਼ਰ ਆ ਰਹੇ ਹਨ। ਹੁਣ ਦੇਖਣਾ ਇਹ ਹੋਵੇਗਾ ਕਿ ਪੁਲਿਸ ਵੱਲੋਂ ਇਸ ਸਾਰੇ ਮਾਮਲੇ ਨੂੰ ਕਿਵੇਂ ਸੁਲਝਾਇਆ ਜਾਂਦਾ ਹੈ।
ਟੀਵੀ ਪੰਜਾਬ ਬਿਊਰੋ